- 'ਸਮਰਪਣ' ਪ੍ਰੋਜੈਕਟ 2018 'ਚ ਸਿੱਖਿਆ ਦੇ ਖੇਤਰ ਵਿੱਚ ਕਾਇਮ ਕਰੇਗਾ ਨਵੀਂ ਮਿਸਾਲ
- ਪੰਜਾਬ ਸਰਕਾਰ ਵਲੋਂ ਘਟਾਈ ਸਟੈਂਪ ਡਿਊਟੀ ਨਾਲ 31 ਦਸੰਬਰ ਤੱਕ ਹੋਈਆਂ 10,171 ਰਜਿਸਟਰੀਆਂ
- ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ
- ਕਿਹਾ, 'ਸਮਰਪਣ' ਅਤੇ 'ਸਾਂਝੀ ਰਸੋਈ' ਪ੍ਰੋਜੈਕਟ ਦੀ ਕਾਮਯਾਬੀ ਪਿੱਛੇ ਦਾਨੀ ਸੱਜਣਾਂ ਦਾ ਅਹਿਮ ਯੋਗਦਾਨ
ਹੁਸ਼ਿਆਰਪੁਰ, 1 ਜਨਵਰੀ:
ਪੰਜਾਬ ਸਰਕਾਰ ਵਲੋਂ ਜਿਥੇ ਸਾਲ-2017 ਵਿੱਚ ਪੰਜਾਬ ਵਾਸੀਆਂ ਲਈ ਕਈ ਇਤਿਹਾਸਕ ਕਦਮ ਪੁੱਟੇ ਗਏ ਹਨ, ਉਥੇ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਵੀ 2017 ਵਿੱਚ 'ਸਮਰਪਣ' ਅਤੇ 'ਸਾਂਝੀ ਰਸੋਈ' ਨਾਂ ਦੇ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ 2017 ਵਿੱਚ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰੀਬ 1200 ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਵਾਈਟਵਾਸ਼ ਕਰਵਾਉਣ ਦੇ ਨਾਲ-ਨਾਲ ਕਰੀਬ 400 ਸਕੂਲਾਂ ਵਿੱਚ ਬੱਚਿਆਂ ਲਈ ਵੱਡੇ ਦਰਪਣ ਲਗਾ ਕੇ ਇਕ ਨਿਵੇਕਲੀ ਪਹਿਲ ਕੀਤੀ ਸੀ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 2 ਵੱਡੇ ਪ੍ਰੋਜੈਕਟ ਸਾਲ-2017 ਵਿੱਚ ਸ਼ੁਰੂ ਕੀਤੇ ਗਏ ਅਤੇ ਇਹ ਪ੍ਰੋਜੈਕਟ ਕਾਫ਼ੀ ਸਹਾਈ ਸਿੱਧ ਹੋ ਰਹੇ ਹਨ। 'ਸਾਂਝੀ ਰਸੋਈ' ਪ੍ਰੋਜੈਕਟ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 17 ਮਈ 2017 ਵਿੱਚ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਸੀ ਅਤੇ 31 ਦਸੰਬਰ 2017 ਤੱਕ 'ਸਾਂਝੀ ਰਸੋਈ' ਵਿੱਚ 77,602 ਵਿਅਕਤੀ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਖਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰੋਜੈਕਟ ਲਈ 358 ਦਾਨੀ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ ਹੈ, ਜਦਕਿ 192 ਦਾਨੀ ਸੱਜਣਾਂ ਵਲੋਂ ਆਪਣੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਬੁੱਕ ਕਰਵਾ ਕੇ ਮਨਾਏ ਗਏ ਹਨ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਵਲੋਂ ਕਰੀਬ 24 ਲੱਖ ਰੁਪਏ ਦਾ ਯੋਗਦਾਨ ਦਿੱਤਾ ਜਾ ਚੁੱਕਾ ਹੈ, ਜਿਸ ਨਾਲ ਲੋੜਵੰਦ ਵਿਅਕਤੀਆਂ ਨੂੰ ਰੋਜ਼ਾਨਾ ਦੁਪਹਿਰ ਦਾ ਭੋਜਨ ਕੇਵਲ 10 ਰੁਪਏ ਵਿੱਚ ਖੁਆਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖਾਣੇ ਦੀ ਸਿਹਤ ਵਿਭਾਗ ਵਲੋਂ ਸਮੇਂ-ਸਮੇਂ 'ਤੇ ਜਾਂਚ ਵੀ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਜਿਥੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਇਆ, ਉਥੇ ਨਵੇਂ ਸਾਲ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ 'ਸਾਂਝੀ ਰਸੋਈ' ਆਪਣੇ ਮਨੋਰਥ ਵਿੱਚ ਕਾਮਯਾਬ ਹੋ ਸਕੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਦਾਨੀ ਸੱਜਣਾਂ ਵਲੋਂ 'ਸਾਂਝੀ ਰਸੋਈ' ਨੂੰ ਸਹਿਯੋਗ ਮਿਲਦਾ ਰਹੇਗਾ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦੂਜਾ ਜੋ ਵੱਡਾ ਪ੍ਰੋਜੈਕਟ 2017 ਵਿੱਚ ਸ਼ੁਰੂ ਕੀਤਾ ਗਿਆ ਹੈ, ਉਹ ਹੈ 'ਸਮਰਪਣ'। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ 'ਸਮਰਪਣ' ਰਾਹੀਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਹਜ਼ਾਰ ਤੋਂ ਵੱਧ ਵਿਅਕਤੀ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ ਅਤੇ ਇਹ ਪ੍ਰੋਜੈਕਟ ਇਕ ਜਨ ਮੁਹਿੰਮ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਜਿਥੇ ਅਧਿਆਪਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮੈਂਬਰ ਬਣਾਏ ਜਾ ਰਹੇ ਹਨ, ਉਥੇ ਇਸ ਪ੍ਰੋਜੈਕਟ ਨੂੰ ਸਿਖਰ 'ਤੇ ਪਹੁੰਚਾਉਣ ਲਈ ਬੀ.ਡੀ.ਪੀ.ਓਜ਼ ਵੀ ਮੈਂਬਰ ਬਣ ਕੇ 'ਸਮਰਪਣ' ਨੂੰ ਉਚਾਈਆਂ 'ਤੇ ਲਿਜਾਣ ਲਈ ਨਿੱਤਰ ਪਏ ਹਨ। ਉਨ੍ਹਾਂ ਦੱਸਿਆ ਕਿ 'ਸਮਰਪਣ' ਤਹਿਤ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਸਾਲ-2018 ਵਿੱਚ ਸਿੱਖਿਆ ਦੇ ਖੇਤਰ ਵਿੱਚ ਇਕ ਨਵਾਂ ਮੀਲ ਪੱਥਰ ਕਾਇਮ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ-2017 ਵਿੱਚ ਕਈ ਇਤਿਹਾਸਕ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ 29 ਅਗਸਤ, 2017 ਨੂੰ ਸਰਕਾਰ ਵਲੋਂ ਘਟਾਈ ਗਈ ਸਟੈਂਪ ਡਿਊਟੀ ਦੌਰਾਨ ਤਹਿਸੀਲ ਹੁਸ਼ਿਆਰਪੁਰ ਵਿੱਚ ਪਹਿਲੀ ਰਜਿਸਟਰੀ ਇਸੇ ਦਿਨ ਰੇਨੂ ਬਾਲਾ ਦੇ ਨਾਂ 'ਤੇ ਹੋਈ ਸੀ। ਉਨ੍ਹਾਂ ਦੱਸਿਆ ਕਿ ਸਟੈਂਪ ਡਿਊਟੀ ਦੇ ਘਟਣ ਨਾਲ ਮਾਲ ਵਿਭਾਗ ਦੇ ਰੈਵੀਨਿਊ ਵਿੱਚ ਵਾਧਾ ਹੋਵੇਗਾ, ਕਿਉਂਕਿ ਇਸ ਨਾਲ ਰਜਿਸਟਰੀ ਕਰਵਾਉਣ ਵਾਲਿਆਂ ਦੀ ਸੰਖਿਆ ਵਧੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਟੈਂਪ ਡਿਊਟੀ ਦੇ ਰੇਟ 9 ਪ੍ਰਤੀਸ਼ਤ ਤੋਂ ਘਟਾ ਕੇ 6 ਪ੍ਰਤੀਸ਼ਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 31 ਦਸੰਬਰ ਤੱਕ ਜ਼ਿਲ੍ਹੇ ਵਿੱਚ ਕੁੱਲ 10,171 ਰਜਿਸਟਰੀਆਂ ਘਟਾਈ ਹੋਈ ਸਟੈਂਪ ਡਿਊਟੀ ਦੇ ਹਿਸਾਬ ਨਾਲ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਹੁਸ਼ਿਆਰਪੁਰ ਤਹਿਸੀਲ ਵਿੱਚ 3,214, ਭੂੰਗਾ 710, ਦਸੂਹਾ 1,070, ਟਾਂਡਾ 1,199, ਗੜ੍ਹਦੀਵਾਲਾ 491, ਮੁਕੇਰੀਆਂ 1,036, ਤਲਵਾੜਾ 684, ਹਾਜੀਪੁਰ 180, ਗੜ੍ਹਸ਼ੰਕਰ 966 ਅਤੇ ਮਾਹਿਲਪੁਰ ਵਿਖੇ 621 ਰਜਿਸਟਰੀਆਂ ਹੋ ਚੁੱਕੀਆਂ ਹਨ।
No comments:
Post a Comment