- ਮਾਪੇ ਲੜਕੀਆਂ ਨੂੰ ਬੋਝ ਨਾ ਸਮਝਦੇ ਹੋਏ ਵੱਧ ਤੋਂ ਵੱਧ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਨ : ਕਲੇਰ
- ਵਧੀਕ ਡਿਪਟੀ ਕਮਿਸ਼ਨਰ ਨੇ ਸ਼ੁਰੂ ਕੀਤੀ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਨਿਵੇਕਲੀ ਪਹਿਲ
ਹੁਸ਼ਿਆਰਪੁਰ, 8 ਜਨਵਰੀ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਜਿਥੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਉਨ੍ਹਾਂ ਵਲੋਂ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਇਕ ਨਿਵੇਕਲੀ ਪਹਿਲ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਦੀਆਂ ਲੜਕੀਆਂ ਨੂੰ ਏ.ਡੀ.ਸੀ. (ਜ) ਸ੍ਰੀਮਤੀ ਅਨੁਪਮ ਕਲੇਰ ਵਲੋਂ ਪੜ੍ਹਾਈ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਲੜਕੀਆਂ ਸਖਤ ਮਿਹਨਤ ਕਰਕੇ ਉਚ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਮਿਹਨਤ ਦਾ ਲੜ ਕਦੇ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਹੀ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਹੇਜ ਅਤੇ ਲੜਕੀਆਂ ਨੂੰ ਕੁੱਖ ਵਿੱਚ ਮਾਰਨ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ਼ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਮੌਕੇ ਪ੍ਰਦਾਨ ਕਰਨ ਨਾਲ ਹੀ ਉਹ ਆਪਣੇ-ਆਪ ਨੂੰ ਸਿੱਧ ਕਰ ਸਕਦੀਆਂ ਹਨ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ।
ਉਧਰ ਅੱਜ ਪੀ.ਸੀ.ਐਸ. ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲੀ ਦੀਆਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੜਕੀਆਂ ਸਖਤ ਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਹਰ ਮੰਜ਼ਿਲ ਸਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਬੋਝ ਨਾ ਸਮਝਦੇ ਹੋਏ ਪੜ੍ਹਾਈ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਦਸਵੀਂ ਤੋਂ ਬਾਅਦ ਰੁਚੀ ਅਨੁਸਾਰ ਪੜ੍ਹਾਈ ਦਾ ਖੇਤਰ ਚੁਣ ਲੈਣਾ ਚਾਹੀਦਾ ਹੈ, ਤਾਂ ਜੋ ਉਸੇ ਖੇਤਰ ਵਿੱਚ ਸਿੱਖਿਆ ਹਾਸਲ ਕਰਕੇ ਸਫ਼ਲਤਾ ਪ੍ਰਾਪਤ ਕੀਤੀ ਜਾ ਸਕੇ।
ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਆਈ.ਏ.ਐਸ., ਆਈ.ਪੀ.ਐਸ. ਅਤੇ ਪੀ.ਸੀ.ਐਸ. ਵਰਗੇ ਮੁਕਾਬਲਿਆਂ ਨੂੰ ਸਰ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਪੜ੍ਹਾਈ ਸਬੰਧੀ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਿਸੇ ਵੀ ਵੇਲੇ ਉਨ੍ਹਾਂ ਨਾਲ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਵਿੱਢੀ ਮੁਹਿੰਮ ਤਹਿਤ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਉਤਸ਼ਾਹਿਤ ਕਰਦੇ ਰਹਿਣਗੇ। ਇਸ ਮੌਕੇ ਵਿਦਿਆਰਥਣਾਂ ਨੇ ਵੀ ਬਿਨ੍ਹਾਂ ਕਿਸੇ ਹਿਚਕਚਾਹਟ ਏ.ਡੀ.ਸੀ. ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ ਵੀ ਹਾਜ਼ਰ ਸਨ।
No comments:
Post a Comment