- ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ
- ਸੰਗਤ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 30 ਜਨਵਰੀ: ਸ੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ਼ ਪੁਰਬ 'ਤੇ 31 ਜਨਵਰੀ ਨੂੰ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਥੇ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਉਥੇ ਸੰਗਤ ਦੇ ਆਉਣ-ਜਾਣ ਲਈ ਵੀ ਟਰੈਫਿਕ ਦੇ ਪੁਖਤਾ ਪ੍ਰਬੰਧ ਯਕੀਨੀ ਬਣਾ ਲਏ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ, ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਮਾਗਮ 31 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਰਾਜ ਪੱੱਧਰੀ ਸਮਾਗਮ ਵਿਚ ਵਿੱਤ, ਯੋਜਨਾ ਅਤੇ ਰੋਜ਼ਗਾਰ ਉਤਪਤੀ ਮੰਤਰੀ, ਪੰਜਾਬ, ਸ: ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਉਨਾਂ ਕਿਹਾ ਕਿ ਸੰਗਤ ਦੀ ਸਹੂਲਤ ਲਈ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਪਰਕਿੰਗ ਸਮੇਤ ਹੋਰ ਵੱਖ-ਵੱਖ ਸਹੂਲਤਾਂ ਵੀ ਯਕੀਨੀ ਬਣਾ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਸੰਗਤ ਨੂੰ ਸਮਾਗਮ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ।
ਹਲਕਾ ਵਿਧਾਇਕ ਚੱਬੇਵਾਲ ਅਤੇ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡਾ: ਰਾਜ ਕੁਮਾਰ ਅਤੇ ਸਾਬਕਾ ਵਿਧਾਇਕ ਸ੍ਰੀ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਦੀ ਚਰਨਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਚਰਨਛੋਹ ਧਰਤੀ ਨੂੰ ਨਤਮਸਤਕ ਕਰਨ ਲਈ ਵੱਧ ਤੋਂ ਵੱਧ ਸੰਗਤ ਇਸ ਸਮਾਗਮ ਵਿਚ ਸ਼ਿਰਕਤ ਕਰੇ ।
ਉਧਰ ਅੱਜ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ ਸਬੰਧੀ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇ, ਤਾਂ ਜੋ ਇਸ ਰਾਜ ਪੱਧਰੀ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ 'ਤੇ ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਪੀ.ਸੀ.ਐਸ. (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment