- ਆਈ.ਐਸ.ਐਸ.ਐਫ. ਸੂਟਿੰਗ ਵਰਲਡ ਕੱਪ ਲਈ ਹੋਈ ਚੋਣ
- ਡਿਪਟੀ ਕਮਿਸ਼ਨਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਹੁਸ਼ਿਆਰਪੁਰ, 23 ਜਨਵਰੀ: ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਤਿਨਜੀਤ ਧਨੋਤਾ ਨੇ ਜਿਥੇ ਓਪਨ ਸ਼ੂਟਿੰਗ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਸਮੇਤ ਪੰਜਾਬ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ ਹੈ, ਉਥੇ ਹੁਣ ਉਸ ਦੀ ਚੋਣ ਮੈਕਸੀਕੋ ਵਿਖੇ ਹੋਣ ਵਾਲੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐਸ.ਐਸ.ਐਫ.) ਵਰਲਡ ਕੱਪ-2018 ਲਈ ਹੋ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਦੇ ਇਸ ਹੋਣਹਾਰ ਖਿਡਾਰੀ ਨਾਲ ਮੁਲਾਕਾਤ ਕਰਕੇ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਮੈਕਸੀਕੋ ਵਿੱਚ ਕਾਮਯਾਬੀ ਹਾਸਲ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ, ਇਸ ਲਈ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਦਿਖਾਉਣ, ਕਿਉਂਕਿ ਖੇਡਾਂ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉਥੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਬਚਿਆ ਜਾ ਸਕਦਾ ਹੈ।
ਸ੍ਰੀ ਵਿਪੁਲ ਉਜਵਲ ਨੇ ਤਿਨਜੀਤ ਦੇ ਮਾਪਿਆਂ ਨੂੰ ਵੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਚੰਗੀ ਪਰਵਰਿਸ਼ ਸਦਕਾ ਹੀ ਉਨ੍ਹਾਂ ਦਾ ਬੇਟਾ ਖੇਡਾਂ ਵਿੱਚ ਨਵੇਂ ਮੀਲ ਪੱਥਰ ਸਾਬਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਵਲੋਂ ਸ਼ੂਟਿੰਗ ਮੁਕਾਬਲਿਆਂ ਵਿੱਚ ਮਾਰੀਆਂ ਜਾ ਰਹੀਆਂ ਮੱਲ੍ਹਾਂ ਸਦਕਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਹੋ ਰਿਹਾ ਹੈ।
ਉਧਰ ਤਿਨਜੀਤ ਨੇ ਦੱਸਿਆ ਕਿ 2017 ਵਿੱਚ ਕੇਰਲਾ ਵਿਖੇ ਓਪਨ ਸ਼ੂਟਿੰਗ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ 2 ਗੋਲਡ, 1 ਸਿਲਵਰ, 3 ਕਾਂਸੇ ਦੇ ਤਗਮੇ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦਿੱਲੀ ਵਿਖੇ ਹੋਏ ਟਰਾਇਲ ਦੌਰਾਨ ਉਸ ਦੀ ਚੋਣ ਮੈਕਸੀਕੋ ਵਿਖੇ ਹੋਣ ਵਾਲੇ ਵਰਲਡ ਕੱਪ ਲਈ ਹੋਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਸ ਵਰਲਡ ਕੱਪ ਵਿੱਚ ਦੇਸ਼ ਦੀ ਝੋਲੀ ਵਿੱਚ ਗੋਲਡ ਦਾ ਤਗਮਾ ਪਾਉਣਗੇ। ਉਨ੍ਹਾਂ ਦੱਸਿਆ ਕਿ ਉਸ ਦਾ ਸੁਪਨਾ ਸਾਲ 2020 ਦੌਰਾਨ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕਸ ਗੇਮਜ਼ ਵਿੱਚ ਖੇਡਣਾ ਵੀ ਹੈ, ਜਿਸ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਰੂਸ, ਕੋਰੀਆ ਅਤੇ ਪੋਲੈਂਡ ਵਿਖੇ ਸੈਕੰਡ ਓਲੰਪਿਕਸ ਗੇਮਜ਼ (ਵਰਲਡ ਯੂਨੀਵਰਸਿਟੀ ਗੇਮਜ਼) ਵਿਖੇ ਖੇਡਣ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਲਗਾਤਾਰ 2014, 2015 ਅਤੇ 2016 ਵਿੱਚ ਵੀ ਓਪਨ ਸ਼ੂਟਿੰਗ ਮੁਕਾਬਲੇ ਖੇਡ ਚੁੱਕਾ ਹੈ।
No comments:
Post a Comment