- 2, 5, 10 ਅਤੇ 21 ਕਿਲੋਮੀਟਰ ਤੱਕ ਦੀ ਕਰਵਾਈ ਜਾ ਰਹੀ ਹੈ ਦੌੜ
ਹੁਸ਼ਿਆਰਪੁਰ, 4 ਜਨਵਰੀ: ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਦੂਜੀ ਹੁਸ਼ਿਆਰਪੁਰ ਹਾਫ਼ ਮੈਰਾਥਨ ਦੌੜ 7 ਜਨਵਰੀ ਨੂੰ ਸਵੇਰੇ 7-30 ਵਜੇ ਸਰਵਿਸ ਕਲੱਬ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਲਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਰਨ ਫਾਰ ਹੈਲਥ' (ਸਿਹਤ ਲਈ ਦੌੜ) ਦਾ ਸੰਦੇਸ਼ ਦਿੰਦੀ ਹੋਈ ਇਸ ਹਾਫ਼ ਮੈਰਾਥਨ ਦੌੜ ਵਿੱਚ ਸਕੂਲਾਂ ਦੇ ਬੱਚੇ, ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਵੀ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਹਾਫ਼ ਮੈਰਾਥਨ ਦੌੜ ਵਿੱਚ 2, 5, 10 ਅਤੇ 21 ਕਿਲੋਮੀਟਰ ਦੀ ਦੌੜ ਵਿੱਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਤੌਰ 'ਤੇ ਦੌੜਾਂ ਕਰਵਾਈਆਂ ਜਾਣਗੀਆਂ।
ਸ੍ਰੀ ਵਿਪੁਲ ਉਜਵਲ ਨੇ ਇਸ ਹਾਫ਼ ਮੈਰਾਥਨ ਦੌੜ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੈਰਾਥਨ ਦੌੜ ਸਰਵਿਸ ਕਲੱਬ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਥਾਵਾਂ ਤੋਂ ਹੁੰਦੀਆਂ ਹੋਈ ਵਾਪਸ ਇਸੇ ਜਗ੍ਹਾ 'ਤੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੌੜ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਨੂੰ ਇਸ ਮੌਕੇ ਰਿਫਰੈਸ਼ਮੈਂਟ ਤੋਂ ਇਲਾਵਾ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦੌੜ ਵਿੱਚ ਜਿੱਤਣ ਵਾਲੇ ਵੱਖ-ਵੱਖ ਉਮਰ ਵਰਗ ਵਿੱਚ ਹੋਣ ਵਾਲੀਆਂ ਦੌੜਾਂ ਦੇ ਵਿਜੇਤਾਵਾਂ ਨੂੰ 2 ਲੱਖ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਚੜ੍ਹ ਕੇ ਇਸ ਦੌੜ ਵਿੱਚ ਹਿੱਸਾ ਲੈਣ।
ਇਸ ਦੌਰਾਨ ਹੁਸ਼ਿਆਰਪੁਰ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰੀ ਰਮਨ ਵਰਮਾ ਅਤੇ ਵਾਈਸ ਪ੍ਰਧਾਨ ਸ੍ਰੀ ਅੰਕੁਰ ਸੂਦ ਨੇ ਦੱਸਿਆ ਕਿ ਹਾਫ਼ ਮੈਰਾਥਨ ਦੌੜ ਵਿੱਚ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਅਤੇ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮ: ਦੇ ਚੇਅਰਮੈਨ ਸ੍ਰੀ ਏ.ਐਸ. ਮਿੱਤਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਹਾਫ਼ ਮੈਰਾਥਨ ਦੌੜ ਤੋਂ ਪਹਿਲਾਂ 2017 ਵਿੱਚ ਪਹਿਲੀ ਹਾਫ ਮੈਰਾਥਨ ਦੌੜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਪੋਰਟਸ ਕਲੱਬ ਵਲੋਂ ਕਰਵਾਈ ਸੀ, ਜਿਸ ਨੂੰ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ ਸੀ।
No comments:
Post a Comment