- 589 ਔਰਤਾਂ ਨੂੰ 13 ਲੱਖ 83 ਹਜ਼ਾਰ ਰੁਪਏ ਦਾ ਦਿੱਤਾ ਲਾਭ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 11 ਜਨਵਰੀ:ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਪਹਿਲੇ ਜਣੇਪੇ ਵਾਲੀਆਂ ਔਰਤਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਅਤੇ ਇਸ ਯੋਜਨਾ ਅਧੀਨ ਆਉਣ ਵਾਲੀਆਂ ਔਰਤਾਂ ਨੂੰ ਪਹਿਲੀ, ਦੂਜੀ ਅਤੇ ਤੀਜੀ ਕਿਸ਼ਤ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 589 ਔਰਤਾਂ ਨੂੰ ਪਹਿਲੀ, ਦੂਜੀ ਅਤੇ ਤੀਜੀ ਕਿਸ਼ਤ ਰਾਹੀਂ 13 ਲੱਖ 83 ਹਜ਼ਾਰ ਰੁਪਏ ਦਾ ਲਾਭ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 589 ਵਿੱਚੋਂ 275 ਔਰਤਾਂ ਨੂੰ ਪਹਿਲੀ ਕਿਸ਼ਤ ਤਹਿਤ ਇਕ ਹਜ਼ਾਰ ਰੁਪਏ ਦੇ ਹਿਸਾਬ ਨਾਲ 2 ਲੱਖ 75 ਹਜ਼ਾਰ ਰੁਪਏ ਦਾ ਲਾਭ ਦਿੱਤਾ ਗਿਆ ਹੈ, ਜਦਕਿ 231 ਔਰਤਾਂ ਨੂੰ ਪਹਿਲੀ ਤੇ ਦੂਜੀ ਕਿਸ਼ਤ ਤਹਿਤ ਤਿੰਨ ਹਜ਼ਾਰ ਰੁਪਏ ਦੇ ਹਿਸਾਬ ਨਾਲ 6 ਲੱਖ 93 ਹਜ਼ਾਰ ਰੁਪਏ ਅਤੇ 83 ਔਰਤਾਂ ਨੂੰ ਪਹਿਲੀ, ਦੂਜੀ ਅਤੇ ਤੀਜੀ ਕਿਸ਼ਤ ਤਹਿਤ 5 ਹਜ਼ਾਰ ਰੁਪਏ ਦੇ ਹਿਸਾਬ ਨਾਲ 4 ਲੱਖ 15 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਵਰਧਮਾਨ ਯਾਰਨ ਸਪੀਨਿੰਗ ਮਿੱਲ ਦੇ ਸਹਿਯੋਗ ਨਾਲ ਲੋਹੜੀ ਸਮਾਗਮ ਦੌਰਾਨ ਨਵਜੰਮੀਆਂ ਲੜਕੀਆਂ ਨੂੰ 195 ਗਰਮ ਕੰਬਲਾਂ ਨਾਲ ਨਿਵਾਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨਵਜੰਮੀਆਂ ਲੜਕੀਆਂ ਦੇ ਜਨਮ ਮੌਕੇ ਪਰਿਵਾਰ ਨੂੰ ਗਰੀਟਿੰਗ ਕਾਰਡਾਂ ਰਾਹੀਂ ਵਧਾਈ ਸੰਦੇਸ਼ ਵੀ ਭੇਜੇ ਜਾ ਰਹੇ ਹਨ। ਉਨ੍ਹਾਂ ਸਨਅੱਤੀ ਅਦਾਰੇ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸੇ ਤਰ੍ਹਾਂ ਸਨਅੱਤੀ ਅਦਾਰੇ, ਵਪਾਰਕ ਸੰਗਠਨ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਲੜਕੀਆਂ ਦੀ ਭਲਾਈ, ਵਿਕਾਸ ਅਤੇ ਸੁਰੱਖਿਆ ਲਈ ਵਿਸ਼ੇਸ਼ ਯੋਗਦਾਨ ਪਾਉਂਦੀਆਂ ਰਹਿਣਗੀਆਂ।
No comments:
Post a Comment