- ਕਿਹਾ, ਹੁਸ਼ਿਆਰਪੁਰ ਸਬ-ਡਵੀਜ਼ਨ ਦੇ 1304 ਕਿਸਾਨਾਂ ਨੂੰ 8,40,94,032 ਰੁਪਏ, ਗੜ੍ਹਸ਼ੰਕਰ ਦੇ 1374 ਕਿਸਾਨਾਂ ਨੂੰ 7,81,55,594 ਰੁਪਏ, ਦਸੂਹਾ ਦੇ 872 ਕਿਸਾਨਾਂ ਨੂੰ 4,69,68,879 ਰੁਪਏ, ਜਦਕਿ ਮੁਕੇਰੀਆਂ ਸਬ-ਡਵੀਜ਼ਨ ਦੇ 1079 ਕਿਸਾਨਾਂ ਨੂੰ 6,32,64,413 ਰੁਪਏ ਕਰਜ਼ਾ ਮੁਆਫ਼ੀ ਦੀ ਮਿਲੇਗੀ ਸਹੂਲਤ
ਹੁਸ਼ਿਆਰਪੁਰ, 9 ਜਨਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 'ਕਿਸਾਨ ਕਰਜ਼ਾ ਰਾਹਤ ਸਕੀਮ' ਤਹਿਤ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ 4629 ਸੀਮਾਂਤ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀਮਾਂਤ ਕਿਸਾਨਾਂ ਨੂੰ 27 ਕਰੋੜ 24 ਲੱਖ 82 ਹਜ਼ਾਰ 918 ਰੁਪਏ ਦੀ ਕਰਜ਼ਾ ਮੁਆਫ਼ੀ ਦੀ ਸਹੂਲਤ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸੀਮਾਂਤ ਕਿਸਾਨ ਜਿਨ੍ਹਾਂ ਦੇ ਨਾਮ ਦੀ ਸੂਚੀ ਜਾਂਚ ਉਪਰੰਤ ਮੁਕੰਮਲ ਹੋ ਗਈ ਹੈ, ਉਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਕਰਜ਼ਾ ਰਾਹਤ ਸਰਟੀਫਿਕੇਟ ਜਾਰੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਸਬ-ਡਵੀਜ਼ਨ ਦੇ 1304 ਕਿਸਾਨਾਂ ਨੂੰ 8,40,94,032 ਰੁਪਏ, ਗੜ੍ਹਸ਼ੰਕਰ ਦੇ 1374 ਕਿਸਾਨਾਂ ਨੂੰ 7,81,55,594 ਰੁਪਏ, ਦਸੂਹਾ ਦੇ 872 ਕਿਸਾਨਾਂ ਨੂੰ 4,69,68,879 ਰੁਪਏ, ਜਦਕਿ ਮੁਕੇਰੀਆਂ ਸਬ-ਡਵੀਜ਼ਨ ਦੇ 1079 ਕਿਸਾਨਾਂ ਨੂੰ 6 ਕਰੋੜ 32 ਲੱਖ 64 ਹਜ਼ਾਰ 413 ਰੁਪਏ ਕਰਜ਼ਾ ਮੁਆਫ਼ੀ ਦੀ ਸਹੂਲਤ ਪਹਿਲੇ ਪੜਾਅ ਅਧੀਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਜਨਵਰੀ ਨੂੰ ਇਸ ਸਕੀਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਕਰ ਦਿੱਤੀ ਗਈ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਰਹਿ ਗਏ ਯੋਗ ਕਿਸਾਨ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਸੀ, ਆਧਾਰ ਕਾਰਡ ਵੇਰਵੇ ਬੈਂਕ ਦੇ ਵੇਰਵਿਆਂ ਨਾਲ ਮੇਲ ਨਹੀਂ ਖਾਂਦੇ ਸੀ ਜਾਂ ਮਾਲ ਮਹਿਕਮੇ ਦੇ ਰਿਕਾਰਡ 'ਤੇ ਆਧਾਰ ਦੇ ਵੇਰਵੇ ਮੇਲ ਨਹੀਂ ਸੀ ਖਾਂਦੇ ਆਦਿ ਦੀ ਮੁੜ ਜਾਂਚ ਉਪਰੰਤ ਕਰਜ਼ਾ ਰਾਹਤ ਸਰਟੀਫਿਕੇਟ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਦੇ ਮੁਕੰਮਲ ਹੋਣ ਉਪਰੰਤ ਤੀਜੇ ਪੜਾਅ ਵਿੱਚ ਛੋਟੇ ਕਿਸਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਉਪਰੰਤ ਕਰਜ਼ਾ ਰਾਹਤ ਜਾਰੀ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਤਿੰਨਾਂ ਪੜਾਵਾਂ ਵਿੱਚੋਂ ਕਿਸੇ ਵਜ੍ਹਾ ਕਾਰਨ ਰਹਿ ਗਏ ਯੋਗ ਕਿਸਾਨ ਦੀ ਮੁੜ ਜਾਂਚ ਉਪਰੰਤ ਕਰਜ਼ਾ ਰਾਹਤ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਕ੍ਰਿਆ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਅਤੇ ਕਿਸਾਨਾਂ ਨੂੰ ਇਸ ਪ੍ਰਕ੍ਰਿਆ ਦੀ ਖੁੱਲ੍ਹੀ ਜਾਣਕਾਰੀ ਦੇਣ ਲਈ ਲਿਸਟਾਂ ਦਾ ਪਿੰਡ-ਪਿੰਡ ਸੋਸ਼ਲ ਆਡਿਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਕ੍ਰਿਆ ਦੌਰਾਨ ਜੇਕਰ ਕੋਈ ਵੀ ਸੀਮਾਂਤ ਅਤੇ ਛੋਟਾ ਕਿਸਾਨ ਰਾਹਤ ਤੋਂ ਵਾਂਝਾ ਰਹਿ ਜਾਂਦਾ ਹੈ, ਤਾਂ ਉਹ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਾਂ ਸਬ-ਡਵੀਜ਼ਨਲ ਮੈਜਿਸਟਰੇਟ ਕੋਲ ਆਪਣੀ ਦਰਖਾਸਤ ਦੇ ਸਕਦਾ ਹੈ, ਜਿਸ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ।
No comments:
Post a Comment