- ਪੂਜਾ ਮਹਾਜਨ ਅਤੇ ਆਰ.ਸੀ. ਮਹਿਤਾ ਨੇ 'ਸਮਰਪਣ' 'ਚ ਪਾਇਆ ਯੋਗਦਾਨ
ਹੁਸ਼ਿਆਰਪੁਰ, 11 ਜਨਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਦਾਨੀ ਸੱਜਣਾਂ ਵਿੱਚ ਸਮਰਪਣ ਦਾ ਮੈਂਬਰ ਬਣਨ ਲਈ ਉਤਸ਼ਾਹ ਵੀ ਨਜ਼ਰ ਆ ਰਿਹਾ ਹੈ। ਜਿਥੇ ਹੁਣ ਤੱਕ ਹਜ਼ਾਰਾਂ ਦਾਨੀ ਸੱਜਣ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ, ਉਥੇ ਅੱਜ 'ਤਰਸੇਮ ਮਹਾਜਨ ਹਾਈਟ ਅਕੈਡਮੀ' ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪੂਜਾ ਮਹਾਜਨ ਅਤੇ ਸਮਾਜ ਸੇਵੀ ਰਿਟਾਇਰਡ ਵਾਲੀਬਾਲ ਕੋਚ ਸ੍ਰੀ ਆਰ.ਸੀ. ਮਹਿਤਾ ਨੇ ਪਰਿਵਾਰ ਸਮੇਤ 'ਸਮਰਪਣ' ਲਈ ਯੋਗਦਾਨ ਪਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੀ ਪ੍ਰਿੰਸੀਪਲ ਸ੍ਰੀਮਤੀ ਮੰਜੂ ਦੀ ਪ੍ਰੇਰਨਾ ਸਦਕਾ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪੂਜਾ ਮਹਾਜਨ ਨੇ 7500 ਰੁਪਏ ਦਾ ਯੋਗਦਾਨ ਪਾਇਆ, ਜਦਕਿ ਸ੍ਰੀ ਆਰ.ਸੀ. ਮਹਿਤਾ ਨੇ ਪਰਿਵਾਰ ਸਮੇਤ 15 'ਸਮਰਪਣ' ਤਹਿਤ ਪਰਚੀਆਂ ਕਟਵਾ ਕੇ 5475 ਰੁਪਏ ਦਾ ਯੋਗਦਾਨ ਪਾਇਆ। ਸ੍ਰੀ ਆਰ.ਸੀ. ਮਹਿਤਾ ਵਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਧੀਰਜ ਵਸ਼ਿਸ਼ਟ ਕੋਲੋਂ ਪਰਚੀਆਂ ਕਟਵਾਈਆਂ ਗਈਆਂ, ਜਦਕਿ ਸ੍ਰੀਮਤੀ ਪੂਜਾ ਮਹਾਜਨ ਨੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਨੂੰ ਆਪਣਾ ਯੋਗਦਾਨ ਸੌਂਪਿਆ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ 'ਤੇ ਕਿਹਾ ਕਿ 'ਸਮਰਪਣ' ਜ਼ਰੀਏ ਇਕੱਤਰ ਫੰਡ ਨੂੰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਖਰਚਿਆ ਜਾਵੇਗਾ, ਤਾਂ ਜੋ ਕੋਈ ਵੀ ਸਕੂਲ ਮੁੱਢਲੀਆਂ ਲੋੜਾਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਇਕ ਦਿਨ ਵਿੱਚ ਇਕ ਰੁਪਏ ਦਾ ਕੀਤਾ ਗਿਆ ਦਾਨ ਕਿਸੇ ਲੋੜਵੰਦ ਲਈ ਵਰਦਾਨ ਸਾਬਤ ਹੋ ਸਕਦਾ ਹੈ, ਇਸ ਲਈ ਦਾਨੀ ਸੱਜਣ ਵਲੋਂ ਆਪਣੇ ਕਿਸੇ ਵਿਸ਼ੇਸ਼ ਦਿਨ ਲਈ 365 ਰੁਪਏ ਦਾਨ ਕੀਤੇ ਜਾ ਸਕਦੇ ਹਨ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ। ਸ੍ਰੀਮਤੀ ਪੂਜਾ ਮਹਾਜਨ ਅਤੇ ਸ੍ਰੀ ਆਰ.ਸੀ. ਮਹਿਤਾ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਸਮਰਪਣ' ਦਾ ਮੈਂਬਰ ਬਣ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਲਈ ਵਰਦਾਨ ਸਾਬਤ ਹੋਵੇਗਾ।
No comments:
Post a Comment