- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਕਰਵਾਈ ਗਈ ਮੌਕ ਡਰਿੱਲ
ਹੁਸ਼ਿਆਰਪੁਰ, 22 ਜਨਵਰੀ:ਡਾਇਰਕਟੋਰੇਟ ਜਨਰਲ ਫਾਇਰ ਸਰਵਿਸ, ਸਿਵਲ ਡਿਫੈਂਸ ਹੋਮਗਾਰਡਜ਼, ਨਵੀਂ ਦਿੱਲੀ ਅਤੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਵਿਖੇ ਨੈਸ਼ਨਲ ਫਾਇਰ ਐਂਡ ਅਵੈਕੁਏਸ਼ਨ ਡਰਿੱਲ ਕਰਵਾਈ ਗਈ। ਇਸ ਦੌਰਾਨ ਬੱਚਿਆਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਓ ਸਬੰਧੀ ਮੌਕ ਡਰਿੱਲ ਰਾਹੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੌਕ ਡਰਿੱਲ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ ਅਤੇ ਸਹਾਇਕ ਕਮਾਂਡੋ ਫਾਇਰ ਅਫ਼ਸਰ ਸ੍ਰੀ ਅਵਤਾਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਮੌਕ ਡਰਿੱਲ ਦੌਰਾਨ ਸਹਾਇਕ ਕਮਾਂਡੋ ਫਾਇਰ ਅਫ਼ਸਰ ਸ੍ਰੀ ਅਵਤਾਰ ਸਿੰਘ ਅਤੇ ਸਬ ਫਾਇਰ ਅਫ਼ਸਰ ਸ੍ਰੀ ਜਸਵੰਤ ਸਿੰਘ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਸਮੇਂ ਬਚਾਓ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸਕੂਲਾਂ ਵਿੱਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਫਾਇਰ ਅਲਾਰਮਿੰਗ ਟੀਮ, ਸਕੂਲ ਫਾਇਰ ਮੈਨੇਜਮੈਂਟ ਕਮੇਟੀ, ਅਵੇਅਰਨੈਸ ਕੰਪੇਨਿੰਗ, ਫਾਇਰ ਅਲਾਰਮ, ਸਰਚ ਐਂਡ ਰੈਸਕਿਉ, ਫਾਇਰ ਫਾਈਟਿੰਗ, ਫਸਟ ਏਡ, ਸਾਈਟ ਸੇਫ਼ਟੀ, ਟਰਾਂਸਪੋਰਟ ਮੈਨੇਜਮੈਂਟ ਅਤੇ ਮੀਡੀਆ ਮੈਨੇਜਮੈਂਟ ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਇਸ ਢੰਗ ਨਾਲ ਟਰੇਂਡ ਕੀਤਾ ਗਿਆ ਹੈ ਕਿ ਜੇਕਰ ਸਕੂਲ ਵਿੱਚ ਅੱਗ, ਭੂਚਾਲ ਜਾਂ ਹੋਰ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਇਹ ਟੀਮਾਂ ਕਿਵੇਂ ਆਪਣਾ ਅਤੇ ਦੂਜਿਆਂ ਦਾ ਬਚਾਅ ਕਰ ਸਕਦੀਆਂ ਹਨ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਮੌਕ ਡਰਿੱਲ ਰਾਹੀਂ ਅੱਗ ਲਗਾ ਕੇ ਵਿਸਥਾਰ ਨਾਲ ਅੱਗ ਤੋਂ ਬਚਾਅ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਉਣ ਦੀ ਟਰੇਨਿੰਗ ਵੀ ਦਿੱਤੀ ਗਈ। ਇਸ ਮੌਕੇ 'ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਤੋਂ ਇਲਾਵਾ ਹੋਮਗਾਰਡ ਦੇ ਸਬ-ਇੰਸਪੈਕਟਰ ਸ੍ਰੀ ਮਨਿੰਦਰ ਸਿੰਘ, ਐਸ.ਐਫ.ਓ. ਸ੍ਰੀ ਵਿਨੋਦ ਕੁਮਾਰ, ਐਫ.ਐਮ. ਸ੍ਰੀ ਯੋਗੇਸ਼ ਕੁਮਾਰ, ਸ੍ਰੀ ਰਾਜਨ ਕੁਮਾਰ, ਸ੍ਰੀ ਓਂਕਾਰ ਸਿੰਘ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਬਲਜੀਤ ਸਿੰਘ, ਸ੍ਰੀ ਵਿਜੇ ਕੁਮਾਰ, ਸ਼੍ਰੀ ਰਵੀ ਕੁਮਾਰ ਸਮੇਤ ਸਕੂਲ ਸਟਾਫ਼ ਦੇ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
No comments:
Post a Comment