- 24 ਜਨਵਰੀ ਨੂੰ ਹੋਵੇਗੀ ਫੁਲ ਡਰੈਸ ਰਿਹਰਸਲ : ਵਧੀਕ ਡਿਪਟੀ ਕਮਿਸ਼ਨਰ
- ਮੀਟਿੰਗ ਦੌਰਾਨ ਵੱਖ-ਵੱਖ ਤਿਆਰੀਆਂ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਹੁਸ਼ਿਆਰਪੁਰ, 15 ਜਨਵਰੀ: ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ 26 ਜਨਵਰੀ ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਬੈਠਕ ਹੋਈ। ਬੈਠਕ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ 19, 22 ਅਤੇ 23 ਜਨਵਰੀ ਨੂੰ ਰਿਹਰਸਲਾਂ ਕਰਵਾਈਆਂ ਜਾਣਗੀਆਂ, ਜਦਕਿ 24 ਜਨਵਰੀ ਨੂੰ ਫੁਲ ਡਰੈਸ ਰਿਹਰਸਲ ਪੁਲਿਸ ਲਾਈਨ ਵਿਖੇ ਹੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਦਿਹਾੜੇ ਨੂੰ ਸਫ਼ਲ ਬਣਾਉਣ ਲਈ ਵਿਭਾਗ ਸੌਂਪੀ ਗਈ ਜ਼ਿਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਬੈਠਣ ਦੇ ਪ੍ਰਬੰਧ ਅਤੇ ਗਰਾਉਂਡ ਦੀ ਤਿਆਰੀ ਲਈ ਵਿਸ਼ੇਸ਼ ਤੌਰ 'ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਮਾਰੋਹ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਵਲੋਂ ਮਾਸ ਪੀ.ਟੀ. ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜਿਸ ਦੀ ਰੂਪ-ਰੇਖਾ ਇਕ ਯੋਜਨਾਬਧ ਤਰੀਕੇ ਨਾਲ ਬਣਾਈ ਜਾਵੇ। ਉਨ੍ਹਾਂ ਬੱਚਿਆਂ ਨੂੰ ਲੈ ਕੇ ਆਉਣ-ਜਾਣ ਲਈ ਵੀ ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਬੈਂਡ, ਵੱਖ-ਵੱਖ ਵਿਭਾਗਾਂ ਵਲੋਂ ਕੱਢੀਆਂ ਜਾਣ ਵਾਲੀਆਂ ਝਾਕੀਆਂ, ਬੈਰੀਕੇਡਿੰਗ, ਇਨਾਮਾਂ ਦੀ ਵੰਡ/ਪ੍ਰਸ਼ੰਸਾ ਪੱਤਰਾਂ ਦੀ ਵੰਡ, ਪੰਡਾਲ ਦੀ ਸਜਾਵਟ, ਪੀਣ ਦਾ ਪਾਣੀ, ਰਿਹਰਸਲਾਂ, ਮੁਢਲੀ ਸਿਹਤ ਸਹੂਲਤ, ਪਾਰਕਿੰਗ/ਸਕਿਊਰਿਟੀ ਅਤੇ ਟਰੈਫਿਕ ਪ੍ਰਬੰਧ, ਆਜ਼ਾਦੀ ਘੁਲਾਟੀਆਂ ਲਈ ਬੈਠਣ ਦਾ ਪ੍ਰਬੰਧ ਸਮੇਤ ਵੱਖ-ਵੱਖ ਕੰਮਾਂ ਸਬੰਧੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਡੀ.ਐਸ.ਪੀ. (ਐਚ) ਸ੍ਰੀ ਜੰਗ ਬਹਾਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਸ੍ਰੀਮਤੀ ਰਜਨੀਸ਼ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ਼ੀ੍ਰਮਤੀ ਕਮਲਜੀਤ ਰਾਜੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
No comments:
Post a Comment