- ਚਾਹਵਾਨਾਂ ਵਲੋਂ ਖੇਤੀਬਾੜੀ ਵਿਭਾਗ ਨੂੰ 1 ਫਰਵਰੀ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ ਅਰਜ਼ੀਆਂ
ਹੁਸ਼ਿਆਰਪੁਰ, 19 ਜਨਵਰੀ:ਪੰਜਾਬ ਸਰਕਾਰ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ/ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਠੀਕ ਢੰਗ ਨਾਲ ਖੇਤ ਵਿੱਚ ਮਿਲਾਉਣ ਲਈ ਵੱਖ-ਵੱਖ ਮਸ਼ੀਨਾਂ/ਸੰਦਾਂ ਰਾਹੀਂ ਸਾਂਭਣ ਦੇ ਯਤਨਾਂ ਸਦਕਾ ਸਮੈਮ ਸਕੀਮ ਤਹਿਤ ਮਸ਼ੀਨਾਂ/ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ 40 ਫੀਸਦੀ ਸਬਸਿਡੀ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਪੱਧਰ 'ਤੇ ਵਿਸ਼ੇਸ਼ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ 80 ਫੀਸਦੀ ਦੀ ਦਰ ਵਾਲੀ ਸਕੀਮ ਵੀ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਰਕਾਰ ਵਲੋਂ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਵਿੱਚ 15 ਪੈਡੀ ਸਟਰਾਅ ਚੋਪਰ ਸਰੈਡਰ/ਮਲਚਰ, 40 ਸਬ ਸੋਇਲਰ, 15 ਹੈਪੀ ਸੀਡਰ ਅਤੇ 10 ਰਿਵਰਸੀਵਲ ਹਾਈਡਰਾਲਿਕ ਮੋਲਡ ਬੋਲਡ ਪਲੋ (ਉਲਟਵਾਂ ਹਲ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਸਰਕਾਰ ਵਲੋਂ ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜ਼ੇਸਨ (ਸਮੈਮ) ਅਤੇ ਆਰ.ਕੇ.ਵੀ.ਵਾਈ. (ਟੈਕਨੋਲੋਜੀ ਫਾਰ ਕਰਾਪ ਰੇਜੀਡਿਊ ਮੈਨਜਮੈਂਟ) ਸਕੀਮ ਤਹਿਤ ਦਿੱਤੀ ਜਾ ਰਹੀ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਸਟਮ ਹਾਇਰਿੰਗ ਸੈਂਟਰ/ਫਾਰਮ ਮਸ਼ੀਨਰੀ ਬੈਂਕ ਖੋਲ੍ਹਣ ਲਈ 2 ਸੈਂਟਰਾਂ ਜੋ 10 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਣਗੇ, 'ਤੇ ਸਬਸਿਡੀ ਦੀ ਰਕਮ 80 ਪ੍ਰਤੀਸ਼ਤ ਹੋਵੇਗੀ ਅਤੇ ਇਹ ਘੱਟ ਤੋਂ ਘੱਟ 8 ਕਿਸਾਨ ਗਰੁੱਪ ਬਣਾ ਕੇ ਲੈ ਸਕਣਗੇ, ਇਸ ਵਿੱਚ ਟਰੈਕਟਰ ਮਿਲਣਯੋਗ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਕ ਸੈਂਟਰ 25 ਲੱਖ ਰੁਪਏ ਵਾਲਾ ਅਤੇ ਇਕ ਸੈਂਟਰ 40 ਲੱਖ ਰੁਪਏ ਦੀ ਲਾਗਤ ਵਾਲਾ ਖੋਲ੍ਹਿਆ ਜਾਣਾ ਹੈ, ਜਿਸ 'ਤੇ ਵੱਧ ਤੋਂ ਵੱਧ ਸਬਸਿਡੀ ਦੀ ਰਕਮ 40 ਪ੍ਰਤੀਸ਼ਤ ਹੋਵੇਗੀ। ਹਾਰਵੈਸਟਰ ਕੰਬਾਇਨ ਨਾਲ ਲੱਗਣ ਵਾਲੇ 100 ਸੁਪਰ ਐਸ.ਐਮ.ਐਮ. (ਸੁਪਰ ਸਟਰਾਅ ਮੈਨਜਮੈਂਟ ਸਿਸਟਮ) ਦਿੱਤੇ ਜਾਣਗੇ, ਜਿਸ 'ਤੇ ਸਬਸਿਡੀ ਦੀ ਰਕਮ ਵੱਧ ਤੋਂ ਵੱਧ 50 ਹਜ਼ਾਰ ਰੁਪਏ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਬਸਿਡੀ ਹਾਸਲ ਕਰਨ ਲਈ ਕਿਸਾਨ 1 ਫਰਵਰੀ 2018 ਤੱਕ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ ਅਤੇ ਅਰਜ਼ੀ ਦਾ ਨਮੂਨਾ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਪਾਸ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਮਸ਼ੀਨਰੀ ਲੈਣ ਲਈ ਚੋਣ ਹੋਵੇਗੀ, ਉਹ ਕਿਸਾਨ ਇਹ ਮਸ਼ੀਨਰੀ ਦੀ ਖਰੀਦ ਕਰਨ ਉਪਰੰਤ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾ ਸਕਣਗੇ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਦੀ ਸੂਰਤ ਵਿੱਚ ਕਿਸਾਨ ਸਬਸਿਡੀ ਦੀ ਰਕਮ ਸਮੇਤ ਵਿਆਜ ਵਾਪਸ ਕਰਨ ਦੇ ਪਾਬੰਦ ਹੋਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ /ਗਰੁੱਪ ਇਹ ਮਸ਼ੀਨਰੀ ਜਾਂ ਕਸਟਮ ਹਾਇਰਿੰਗ ਸੈਂਟਰਾਂ/ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਦੇ ਚਾਹਵਾਨ ਹੋਣ, ਉਹ ਆਪਣੇ ਅਰਜ਼ੀ ਫਾਰਮ ਨਾਲ ਜ਼ਮੀਨ ਦੀ ਫ਼ਰਦ, ਅਧਾਰ ਕਾਰਡ, ਬੈਂਕ ਦੀ ਕਾਪੀ, ਟਰੈਕਟਰ ਦੀ ਆਰ.ਸੀ. ਦੀ ਕਾਪੀ ਆਦਿ ਲੋੜੀਂਦੇ ਦਸਤਾਵੇਜ਼ ਲਗਾ ਕੇ 01 ਫਰਵਰੀ 2018 ਤੱਕ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਸਥਾਪਿਤ ਕੀਤੇ ਜਾਣ ਵਾਲੇ ਕਸਟਮ ਹਾਇਰਿੰਗ ਸੈਂਟਰਾਂ/ਫਾਰਮ ਮਸ਼ੀਨਰੀ ਬੈਂਕ ਵਿੱਚ ਫ਼ਸਲ ਦੀ ਰਹਿੰਦ-ਖੂੰਹਦ, ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵਰਤੇ ਜਾਂਦੇ ਖੇਤੀ ਸੰਦ/ਮਸ਼ੀਨਰੀ ਜਿਵੇਂ ਕਿ ਰਿਵਰਸੀਬਲ ਐਮ.ਬੀ. ਪਲੋਅ, ਬੇਲਰ, ਗਾਇਰੋ ਰੇਕ, ਮਲਚਰ, ਜੀਰੋ ਟਿਲ ਡਰਿਲ, ਹੈਪੀ ਸੀਡਰ, ਪੈਡੀ ਸਟਰਾਅ ਚੋਪਰ ਸਰੈਡਰ ਆਦਿ ਲੈਣੇ ਲਾਜ਼ਮੀ ਹੋਣਗੇ। ਉਨ੍ਹਾਂ ਦੱਸਿਆ ਕਿ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਯੋਗ ਪਾਏ ਜਾਣ ਵਾਲੇ ਉਮੀਦਵਾਰ/ਕਿਸਾਨ ਆਪਣੇ ਖੇਤੀ ਕੰਮ ਤੋਂ ਇਲਾਵਾ ਇਲਾਕੇ ਦੇ ਹੋਰ ਕਿਸਾਨਾਂ ਦਾ ਘੱਟ ਰੇਟ 'ਤੇ ਕੰਮ ਕਰਨ ਦੇ ਪਾਬੰਦ ਹੋਣਗੇ। ਉਨ੍ਹਾਂ ਦੱਸਿਆ ਕਿ ਅਰਜ਼ੀਆਂ ਜਿਆਦਾ ਹੋਣ ਦੀ ਸੂਰਤ ਵਿੱਚ ਜ਼ਿਲ੍ਹੇ ਵਲੋਂ ਮਨੋਨੀਤ ਅਧਿਕਾਰੀ ਦੀ ਹਾਜ਼ਰੀ ਵਿੱਚ ਡਰਾਅ ਲਾਟਰੀ ਰਾਹੀਂ ਕੱਢਿਆ ਜਾਵੇਗਾ ਅਤੇ ਬਾਕੀ ਬੱਚਦੀਆਂ ਅਰਜ਼ੀਆਂ ਨੂੰ ਦੁਬਾਰਾ ਸਬਸਿਡੀ ਦੀ ਰਕਮ ਪ੍ਰਾਪਤ ਹੋਣ 'ਤੇ ਵਿਚਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸ.ਸੀ/ਐਸ.ਟੀ. ਕਿਸਾਨ ਅਤੇ ਕਿਸਾਨ ਬੀਬੀਆਂ ਦਾ ਸਕੀਮ ਦੀਆਂ ਸ਼ਰਤਾਂ ਅਨੁਸਾਰ ਰਾਖਵਾਂਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਵਧੇਰੇ ਜਾਣਕਾਰੀ ਲਈ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਦੇ ਫੋਨ ਨੰਬਰ 01882-222102 'ਤੇ ਸੰਪਰਕ ਕਰ ਸਕਦੇ ਹਨ।
No comments:
Post a Comment