- ਕਿਹਾ, ਨੌਜਵਾਨ ਵਾਹਨ ਚਾਲਕਾਂ ਨੂੰ ਸੈਮੀਨਾਰ ਲਗਾ ਕੇ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ
- ਟਰੈਫਿਕ ਨਿਯਮ ਤੋੜਨ ਵਾਲਿਆਂ ਦੇ 4 ਹਜ਼ਾਰ ਤੋਂ ਵੱਧ ਕੱਟੇ ਚਲਾਨ
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ
ਹੁਸ਼ਿਆਰਪੁਰ, 10 ਜਨਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਰਦੀ ਅਤੇ ਧੁੰਦ ਦੇ ਮੌਸਮ ਦੌਰਾਨ ਵਿਜੀਬਿਲਟੀ ਘੱਟ ਹੋਣ ਕਾਰਨ ਸੜਕ ਹਾਦਸੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ ਜਿਸਦੇ ਮੱਦੇਨਜ਼ਰ ਸੜਕਾਂ ਉਤੇ ਚਿੱਟੀ ਪੱਟੀ ਦੀ ਹੋਂਦ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਸਾਵਧਾਨੀ ਨਾਲ ਵਾਹਨ ਚਲਾਏ ਜਾ ਸਕਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਸਬੰਧੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਜਿਆਦਾਤਰ ਗੰਨੇ ਨਾਲ ਲੱਦੀਆਂ ਟਰਾਲੀਆਂ ਸ਼ੂਗਰ ਮਿੱਲ ਵਿਖੇ ਗੰਨਾ ਲੈ ਕੇ ਜਾਂਦੀਆਂ ਹਨ, ਜਿਨ੍ਹਾਂ ਦੇ ਪਿੱਛੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਰਾਤ ਦੇ ਸਮੇਂ ਦਿਖਾਈ ਨਹੀਂ ਦਿੰਦੀਆਂ। ਇਸ ਲਈ ਮਿੱਲ ਪ੍ਰਬੰਧਕ ਮਿੱਲ ਵਿੱਚ ਆਉਣ ਵਾਲੀਆਂ ਟਰੈਕਟਰ-ਟਰਾਲੀਆਂ ਦੇ ਪਿੱਛੇ ਰਿਫਲੈਕਟਰ ਲਗਾਉਣ ਨੂੰ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ 'ਤੇ ਸੈਮੀਨਾਰ ਲਗਾਏ ਜਾਣ। ਜਿਹੜੇ ਬੱਚੇ 18 ਸਾਲ ਦੀ ਉਮਰ ਪੂਰੀ ਨਹੀ ਕਰਦੇ ਉਨ੍ਹਾਂ ਬੱਚਿਆਂ ਨੂੰ ਪਿਆਰ ਨਾਲ ਵਾਹਨ ਚਲਾਉਣ ਤੋਂ ਰੋਕਿਆ ਜਾਵੇ ਅਤੇ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੇਫ਼ ਸਕੂਲ ਵਾਹਨ ਸਕੀਮ ਤਹਿਤ ਸਕੂਲ ਪ੍ਰਬੰਧਕ ਤੈਅ ਕੀਤੇ ਗਏ ਸਾਰੇ ਮਾਪਦੰਡ ਆਪਣੇ-ਆਪਣੇ ਸਕੂਲ ਵਿੱਚ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਸਥਿਤ ਸੰਭਾਵਿਤ ਦੁਰਘਟਨਾਵਾਂ ਖੇਤਰਾਂ ਦੇ ਸਾਈਨ ਬੋਰਡ ਲਗਾਉਣ ਲਈ ਵੀ ਪੀ.ਡਬਯੂ.ਡੀ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਦੌਰਾਨ ਜ਼ਿਲ੍ਹਾ ਟਰੈਫਿਕ ਪੁਲਿਸ ਅਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਸੀਟ ਬੈਲਟ, ਓਵਰ ਲੋਡ, ਹੈਲਮਟ, ਨਜਾਇਜ਼ ਪਾਰਕਿੰਗ, ਪ੍ਰੈਸ਼ਰ ਹਾਰਨ ਸਮੇਤ ਟਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ 4 ਹਜ਼ਾਰ 379 ਤੋਂ ਵੱਧ ਚਲਾਨ ਕੱਟ ਕੇ ਜ਼ੁਰਮਾਨੇ ਕੀਤੇ ਗਏ ਹਨ। ਜਦਕਿ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 70 ਤੋਂ ਵੱਧ ਸੈਮੀਨਾਰ ਲਗਾਏ ਗਏ ਹਨ। ਇਸ ਤੋਂ ਇਲਾਵਾ ਟਰੈਫਿਕ ਵਿਭਾਗ ਵਲੋਂ ਵੀ 78 ਜਾਗਰੂਕਤਾ ਕੈਂਪ ਲਗਾ ਕੇ ਵਾਹਨ ਚਾਲਕਾ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਡੀ.ਐਸ.ਪੀ.(ਐਚ) ਸ੍ਰੀ ਜੰਗ ਬਹਾਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਸੁਖਵਿੰਦਰ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਇੰਸਪੈਕਟਰ ਟਰੇਫਿਕ ਇੰਚਾਰਜ ਸ੍ਰੀ ਤਲਵਿੰਦਰ ਕੁਮਾਰ, ਸ੍ਰੀ ਅਸ਼ਵਨੀ ਕਪੂਰ ਅਤੇ ਡਾ.ਵੀਭਾ ਗੁਪਤਾ ਤੋਂ ਇਲਾਵਾ ਹੋਰ ਵੀ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।
No comments:
Post a Comment