- ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਹੁਸ਼ਿਆਰਪੁਰ, 29 ਜਨਵਰੀ: ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਅੱਜ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਜੇ.ਏਲਨਚੇਲੀਅਨ ਵਲੋਂ ਸਮਾਗਮ ਵਾਲੇ ਸਥਾਨ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਾਰਕਿੰਗ ਤੋਂ ਲੈ ਕੇ ਪੀਣ ਵਾਲੇ ਪਾਣੀ ਤੱਕ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਸੰਗਤ ਨੂੰ ਆਉਣ-ਜਾਣ ਲਈ ਵੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਵਿੱਤ, ਯੋਜਨਾ ਅਤੇ ਰੋਜ਼ਗਾਰ ਉਤਪਤੀ ਮੰਤਰੀ ਪੰਜਾਬ ਸ੍ਰ: ਮਨਪ੍ਰੀਤ ਸਿੰਘ ਬਾਦਲ ਹੋਣਗੇ।
ਵਿਧਾਇਕ ਹਲਕਾ ਚੱਬੇਵਾਲ ਡਾ. ਰਾਜ ਕੁਮਾਰ ਅਤੇ ਸਾਬਕਾ ਵਿਧਾਇਕ ਗੜ੍ਹਸ਼ੰਕਰ ਸ੍ਰੀ ਲਵ ਕੁਮਾਰ ਗੋਲਡੀ ਨੇ ਕਿਹਾ ਕਿ 31 ਜਨਵਰੀ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ 'ਤੇ ਚੱਲ ਕੇ ਮਨੁੱਖ ਸਮਾਜ ਦੀਆਂ ਬੁਰਾਈਆਂ ਤੋਂ ਦੂਰ ਰਹਿ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਪੀ.ਸੀ.ਐਸ. (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਸਿਵਲ ਸਰਜਨ ਡਾ. ਰੇਨੂ ਸੂਦ, ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਾਰਮਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਡਾ. ਕੇਵਲ ਸਿੰਘ, ਸ੍ਰੀ ਰਣਧੀਰ ਸੂਦ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment