- ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਹਰੀ ਝੰਡੀ ਦਿਖਾ ਕੇ ਕੀਤਾ ਹਾਫ ਮੈਰਾਥਨ ਦੌੜ ਨੂੰ ਰਵਾਨਾ
- ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਕਰਵਾਈ ਗਈ ਦੂਜੀ ਹਾਫ਼ ਮੈਰਾਥਨ ਦੌੜ ਵਿੱਚ ਲਿਆ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਹਿੱਸਾ
ਹੁਸ਼ਿਆਰਪੁਰ, 7 ਜਨਵਰੀ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਕਰਵਾਈ ਗਈ ਦੂਜੀ ਹੁਸ਼ਿਆਰਪੁਰ ਹਾਫ਼ ਮੈਰਾਥਨ ਦੌੜ ਨੂੰ ਸੰਯੁਕਤ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹਾਫ਼ ਮੈਰਾਥਨ ਦੌੜ ਵਿੱਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮ: ਤੋਂ ਸ੍ਰੀ ਜੇ.ਐਸ. ਚੌਹਾਨ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। 'ਰਨ ਫਾਰ ਹੈਲਥ' ਦਾ ਸੰਦੇਸ਼ ਦਿੰਦੀ ਹੋਈ ਇਹ ਦੌੜ ਸਰਵਿਸ ਕਲੱਬ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ, ਫਗਵਾੜਾ ਚੌਕ, ਘੰਟਾ ਘਰ ਚੌਕ, ਸ਼ਿਮਲਾ ਪਹਾੜੀ ਚੌਕ, ਬੁਲਾਂਵਾੜੀ ਚੌਕ, ਵਣ ਚੇਤਨਾ ਪਾਰਕ ਸਮੇਤ ਵੱਖ-ਵੱਖ ਰੂਟਾਂ 'ਤੇ ਰਵਾਨਾ ਹੁੰਦੀ ਹੋਈ ਵਾਪਸ ਸਰਵਿਸ ਕਲੱਬ ਵਿਖੇ ਸਮਾਪਤ ਹੋਈ। ਇਸ ਮੈਰਾਥਨ ਦੌੜ ਵਿੱਚ 5 ਸਾਲ ਦੇ ਬੱਚੇ ਤੋਂ ਲੈ ਕੇ 86 ਸਾਲ ਦੇ ਬਜ਼ੁਰਗਾਂ ਨੇ ਹਿੱਸਾ ਲੈ ਕੇ ਸਾਰਿਆਂ ਨੂੰ ਸਿਹਤ ਸੰਭਾਲ ਲਈ ਆਪਣੇ ਜੀਵਨ ਵਿੱਚ ਖੇਡ ਨੂੰ ਅਪਨਾਉਂਦੇ ਹੋਏ ਤੰਦਰੁਰਸਤ ਰਹਿਣ ਦਾ ਸੰਦੇਸ਼ ਦਿੱਤਾ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨੁੱਖ ਨੂੰ ਸਿਹਤ ਸੰਭਾਲ ਲਈ ਕੁਝ ਨਾ ਕੁਝ ਸਰੀਰਕ ਗਤੀਵਿਧੀ ਜ਼ਰੂਰ ਕਰਨੀ ਚਾਹੀਦੀ ਹੈ। ਅੱਜ ਦੀ ਅਰਾਮਦਾਇਕ ਜੀਵਨ ਸ਼ੈਲੀ ਨਾਲ ਅਸੀਂ ਬੀਮਾਰੀਆਂ ਦੀ ਗ੍ਰਿਫਤ ਵਿੱਚ ਤੇਜ਼ੀ ਨਾਲ ਆ ਰਹੇ ਹਾਂ। ਸਰੀਰਕ ਗਤੀਵਿਧੀਆਂ ਨਾ ਕੇਵਲ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਬਲਕਿ ਗੰਭੀਰ ਬੀਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਉਨ੍ਹਾਂ ਨੇ ਹੁਸ਼ਿਆਰਪੁਰ
ਸਪੋਰਟਸ ਕਲੱਬ ਵਲੋਂ ਕੱਢੀ ਗਈ 'ਰਨ ਫਾਰ ਹੈਲਥ' ਦਾ ਸੰਦੇਸ਼ ਦਿੰਦੇ ਹੋਏ ਇਸ ਰੈਲੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸਿਹਤ ਸੰਭਾਲ ਲਈ ਰੋਜ਼ਾਨਾ ਕੋਈ ਨਾ ਕੋਈ ਖੇਡ ਅਪਨਾਉਣ ਦੀ ਅਪੀਲ ਕੀਤੀ। ਇਸ ਉਪਰੰਤ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਵੀ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਅੱਗੇ ਵੱਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਦੀ ਸਿਹਤ ਵਧੀਆ ਹੈ, ਤਾਂ ਹੀ ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਦਾ ਹੈ। ਸਾਨੂੰ ਸੰਤ, ਮਹਾਂਪੁਰਖਾਂ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਸਿਹਤ ਤੋਂ ਵੱਧ ਕੇ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਹੀਂ ਹੈ। ਇਸ ਲਈ ਸਾਨੂੰ ਆਪਣੀ ਸਿਹਤ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਦੌਰਾਨ ਕਰਵਾਈ ਗਈ ਹਾਫ਼ ਮੈਰਾਥਨ ਦੌੜ ਵਿੱਚ 2 ਕਿਲੋਮੀਟਰ ਵਰਗ ਵਿੱਚ ਅਧੀਰਾਜ ਕੁਮਾਰ ਸੂਦ, 5 ਕਿਲੋਮੀਟਰ ਵਰਗ ਵਿੱਚ ਵਿਸ਼ਵ ਕੁਮਾਰ ਤੇ ਧੁਗ ਕੌਰ, 10 ਕਿਲੋਮੀਟਰ ਵਰਗ ਵਿੱਚ ਕੁਲਬੀਰ ਸਿੰਘ ਤੇ ਪੂਜਾ ਕੁਮਾਰੀ, 21 ਕਿਲੋਮੀਟਰ ਵਰਗ ਵਿੱਚ ਮਨਜਿੰਦਰ ਸਿੰਘ ਤੇ ਸੀਮਾ ਕੁਮਾਰੀ ਅਤੇ ਸੀਨੀਅਰ ਸਿਟੀਜਨ ਦੌੜ ਵਿੱਚ ਬਲਵੰਤ ਸਿੰਘ ਅਤੇ ਦਵਿੰਦਰ ਕੌਰ ਨੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਇਨਾਮ ਅਤੇ ਯਾਦਗਾਰੀ ਚਿੰਨ ਭੇਟ ਕੀਤੇ ਗਏ। ਇਸ ਮੌਕੇ 'ਤੇ ਹੁਸ਼ਿਆਰਪੁਰ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰੀ ਰਮਨ ਵਰਮਾ, ਵਾਈਸ ਪ੍ਰਧਾਨ ਸ੍ਰੀ ਅੰਕੁਰ ਸੂਦ ਤੋਂ ਇਲਾਵਾ ਸ੍ਰੀ ਰਣਦੀਪ ਸਿੰਘ, ਨਿਤਿਨ ਚਾਵਲਾ ਅਤੇ ਸ੍ਰੀ ਵਿਕਰਮ ਪਟਿਆਲ ਸਮੇਤ ਭਾਰੀ ਸੰਖਿਆ ਵਿੱਚ ਕਲੱਬ ਦੇ ਮੈਂਬਰ, ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਸਨ।
No comments:
Post a Comment