ਤਲਵਾੜਾ, 17 ਜਨਵਰੀ: ਪੰਜਾਬ ਦੇ ਕੰਢੀ ਖੇਤਰ ਵਿਚ ਹਰਿਆਲੀ ਤੇ ਖ਼ੁਸ਼ਹਾਲੀ ਦੀ ਦਸਤਕ ਦੇਣ ਵਾਲਾ ਸ਼ਾਹ ਨਹਿਰ ਮਹਿਕਮਾ ਫ਼ੰਡਾਂ ਦੀ ਕਥਿਤ ਘਾਟ ਦੇ ਚਲਦਿਆਂ ਬਦਹਾਲੀ ਦੀ ਤਸਵੀਰ ਬਣ ਚੁੱਕਾ ਹੈ। ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਤੱਕ ਜਾਂਦੀ ਕਰੀਬ 2 ਕਿਲੋਮੀਟਰ ਸੜਕ ਦਾ ਵਜੂਦ ਹੀ ਲਗਪਗ ਖ਼ਤਮ ਹੋ ਚੁੱਕਾ ਹੈ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਅਤੇ ਖ਼ਤਰਾ ਬਣ ਚੁੱਕੀ ਹੈ।
ਜਿਕਰਯੋਗ ਹੈ ਕਿ ਇਹ ਸੜਕ ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਰਾਹੀਂ ਜਿਲ੍ਹਾ ਕਾਂਗੜਾ ਦੇ ਦਰਜਨਾਂ ਪਿੰਡਾਂ ਨੂੰ ਜੋੜਦੀ ਹੈ ਅਤੇ ਸੈਲਾਨੀਆਂ ਲਈ ਵੀ ਬੈਰਾਜ ਤੇ ਬਣੀ ਝੀਲ ਪਰਵਾਸੀ ਪੰਛੀਆਂ ਅਤੇ ਖ਼ੂਬਸੂਰਤ ਨਜ਼ਾਰਿਆਂ ਕਾਰਨ ਮਹੱਤਵਪੂਰਨ ਪਹੁੰਚ ਮਾਰਗ ਹੈ। ਹਾਲ ਹੀ ਵਿੱਚ ਸਥਾਣਾ ਤੋਂ ਤਲਵਾੜਾ ਲਿਜਾ ਰਹੇ ਸਕੂਲੀ ਬੱਚਿਆਂ ਨਾਲ ਭਰੇ ਆਟੋ ਦਾ ਭਾਰੀ ਖੱਡਿਆਂ ਕਾਰਨ ਸੰਤੁਲਨ ਵਿਗੜਨ ਕਾਰਨ ਪਟੜੀ ਤੋਂ ਨਹਿਰ ਵਾਲੇ ਪਾਸੇ ਉੱਤਰ ਗਿਆ ਅਤੇ ਬਾਮੁਸ਼ਕਿਲ ਨਹਿਰ ਵਿੱਚ ਡਿੱਗਣੋਂ ਬਚਾ ਹੋਇਆ। ਸੜਕ ਏਨੀ ਉਬੜ-ਖਾਬੜ ਹੈ ਕਿ ਅਨੇਕਾਂ ਜਾਨਲੇਵਾ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਹਿਕਮੇ ਦੀ ਕਥਿਤ ਲਾਹਪਰਵਾਹੀ ਦੇ ਚਲਦਿਆਂ ਇਹ ਸੜਕ ਪੂਰੀ ਤਰਾਂ ਹੋਂਦ ਗਵਾ ਚੁੱਕੀ ਹੈ ਅਤੇ ਅਨੇਕਾਂ ਵਾਰ ਉੱਚ ਅਧਿਕਾਰੀਆਂ ਤੇ ਲੋਕ-ਪ੍ਰਤੀਨਿਧਾਂ ਰਾਹੀਂ ਇਸ ਨੂੰ ਬਣਾਉਣ ਲਈ ਵਫ਼ਦ ਮਿਲ ਚੁੱਕੇ ਹਨ ਪਰੰਤੂ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ। ਜਦੋਂ ਇਸ ਸਬੰਧੀ ਸ਼ਾਹ ਨਹਿਰ ਦਫ਼ਤਰ ਤਲਵਾੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਹਿਕਮੇ ਕੋਲ ਸੜਕ ਜਾਂ ਹੋਰ ਕਿਸੇ ਤਰਾਂ ਦੇ ਰੱਖ ਰਖਾਉ ਲਈ ਕਈ ਸਾਲਾਂ ਤੋਂ ਕੋਈ ਫ਼ੰਡ ਨਹੀਂ ਆ ਰਹੇ ਅਤੇ ਇਸ ਲਈ ਹੁਣ ਇਹ ਕੰਮ ਨਗਰ ਪੰਚਾਇਤ ਤਲਵਾੜਾ ਨੂੰ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਡਾ. ਧਰੁਬ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸੜਕ ਦੀ ਉਸਾਰੀ ਲਈ ਟੈਂਡਰ ਹੋ ਚੁੱਕਾ ਹੈ ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਲੋਕਾਂ ਦੀ ਮੰਗ ਹੈ ਕਿ ਇਸ ਅਹਿਮ ਸੜਕ ਦਾ ਕੰਮ ਪਹਿਲ ਦੇ ਆਧਾਰ ਤੇ ਸ਼ੁਰੂ ਕੀਤਾ ਜਾਵੇ ਕਿਉਂਕਿ ਛੇਤੀ ਹੀ ਨਗਰ ਪੰਚਾਇਤ ਚੋਣਾਂ ਦੇ ਐਲਾਨ ਨਾਲ ਇਹ ਉਸਾਰੀ ਖ਼ਟਾਈ ਵਿੱਚ ਪੈ ਸਕਦੀ ਹੈ।
No comments:
Post a Comment