- ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਸਮਾਗਮ
- ਐਸ.ਡੀ.ਐਮ. ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ ਨੂੰ ਨੌਜਵਾਨਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਲਈ ਸੌਂਪਿਆ ਪ੍ਰਸੰਸਾ ਪੱਤਰ
ਹੁਸ਼ਿਆਰਪੁਰ, 25 ਜਨਵਰੀ: 8ਵੇਂ ਰਾਸ਼ਟਰੀ ਵੋਟਰ ਦਿਵਸ 'ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਵੀ ਉਨ੍ਹਾਂ ਦੇ ਨਾਲ ਸਨ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਹਰ ਸਾਲ 25 ਜਨਵਰੀ ਦੇ ਦਿਨ ਦੇਸ਼ ਭਰ ਵਿੱਚ ਵੋਟਰ ਦਿਵਸ ਮਨਾਇਆ ਜਾਂਦਾ ਹੈ, ਤਾਂ ਕਿ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ 2011 ਵਿੱਚ ਕੀਤੀ ਗਈ ਸੀ। ਵੋਟਰ ਦਿਵਸ ਮਨਾਉਣ ਦਾ ਮੁੱਖ ਮਕਸਦ ਵੋਟਰਾਂ ਨੂੰ ਵੋਟ ਦੀ ਮਹੱਤਤਾ ਅਤੇ ਲੋਕਤੰਤਰ ਵਿੱਚ ਵੋਟ ਦੇ ਰੋਲ ਸਬੰਧੀ ਜਾਗਰੂਕ ਕਰਨਾ ਹੈ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਲੋਕਤੰਤਰ ਪ੍ਰਣਾਲੀ ਵਿੱਚ ਨੌਜਵਾਨ ਵੋਟਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਲਈ ਭਾਰਤੀ ਸੰਵਿਧਾਨ ਨੇ 18 ਸਾਲ ਜਾਂ ਉਸ ਤੋਂ ਉਪਰ ਦੇ ਆਮ ਨਾਗਰਿਕ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਲਈ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਜਿਨ੍ਹਾਂ ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਪਹਿਲੀ ਵਾਰ ਮਿਲ ਰਿਹਾ ਹੈ, ਉਨ੍ਹਾਂ ਲਈ ਵੋਟਰ ਦਿਵਸ ਦੀ ਮਹੱਤਤਾ ਇਸ ਲਈ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਤੇ ਮਜ਼ਬੂਤ ਲੋਕਤੰਤਰ ਦੇ ਪ੍ਰਤੀਭਾਗੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਦੇ ਗਣਤੰਤਰ ਅਤੇ ਸੰਵਿਧਾਨ ਸਬੰਧੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ।
ਸ੍ਰੀਮਤੀ ਕਲੇਰ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਲਕੇ ਦੇ ਰਿਟਰਨਿੰਗ ਅਤੇ ਬੂਥ ਲੈਵਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਆਪਣੀਆਂ ਵੋਟਾਂ ਬਣਾਉਣ। ਇਸ ਦੌਰਾਨ ਉਨ੍ਹਾਂ ਨੇ ਕੌਮੀ ਵੋਟਰ ਦਿਵਸ ਮੌਕੇ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਬਾਰੇ ਸਹੁੰ ਵੀ ਚੁਕਾਈ। ਸਮਾਗਮ ਦੌਰਾਨ ਐਸ.ਡੀ.ਐਮ. ਗੜ੍ਹਸ਼ੰਕਰ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸ੍ਰੀ ਹਰਦੀਪ ਸਿੰਘ ਧਾਲੀਵਾਲ ਨੂੰ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਵਿੱਚ ਨੌਜਵਾਨ ਵੋਟਰਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਲਈ ਇਨਾਮ ਦੇ ਤੌਰ 'ਤੇ 2000 ਰੁਪਏ ਅਤੇ ਪ੍ਰਸੰਸਾ ਪੱਤਰ ਸੌਂਪਿਆ ਗਿਆ। ਇਸ ਤੋਂ ਇਲਾਵਾ ਸਰਕਾਰੀ ਸਕੂਲ ਮਜਾਰਾ ਢੀਂਗਰੀਆਂ ਦੇ ਮਾਸਟਰ ਸ੍ਰੀ ਭਾਗ ਸਿੰਘ ਨੂੰ ਬੈਸਟ ਬੀ.ਐਲ.ਓ. ਅਤੇ ਆਈ.ਟੀ.ਆਈ. ਸੰਸਥਾ ਦੇ ਇੰਸਟਰੈਕਟਰ ਸ੍ਰੀ ਹੰਸ ਰਾਜ ਨੂੰ ਵਧੀਆ ਨੋਡਲ ਅਫ਼ਸਰ ਵਜੋਂ ਸਨਮਾਨਿਆ ਗਿਆ। ਇਨ੍ਹਾਂ ਤੋਂ ਇਲਾਵਾ ਨਵੀਆਂ ਵੋਟਾਂ ਬਣਾਉਣ ਅਤੇ ਯੁਵਕਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕਰਨ ਵਾਲੇ ਅਧਿਕਾਰੀਆਂ / ਕਰਮਚਾਰੀਆਂ ਅਤੇ ਨੌਜਵਾਨਾਂ ਵਿੱਚ ਵੋਟ ਦੇ ਅਧਿਕਾਰ ਸਬੰਧੀ ਚੇਤਨਾ ਪੈਦਾ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੋਟਰ ਦਿਵਸ ਸਬੰਧੀ ਭਾਸ਼ਨ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਕਾਲਜ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵੋਟਾਂ ਬਣਾਉਣ ਸਬੰਧੀ ਜਾਗਰੂਕ ਵੀ ਕੀਤਾ ਗਿਆ। ਕੁਇਜ਼ ਮੁਕਾਬਲਿਆਂ ਵਿੱਚ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਨਵੀਂ ਵੋਟ ਬਣਾਉਣ ਵਾਲੇ ਨੌਜਵਾਨਾਂ ਨੂੰ ਮਿਲੇਨੀਅਮ ਵੋਟਰ ਵਜੋਂ ਸਨਮਾਨਿਤ ਵੀ ਕੀਤਾ ਗਿਆ ਅਤੇ 18 ਤੋਂ 19 ਸਾਲ ਦੇ ਕਰੀਬ 24 ਨੌਜਵਾਨਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੀ ਵੰਡੇ ਗਏ।
ਇਸ ਮੌਕੇ 'ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਤਹਿਸੀਲਦਾਰ (ਚੋਣਾਂ) ਕਰਨੈਲ ਸਿੰਘ, ਡੀ ਏ ਵੀ ਕਾਲਜ ਦੀ ਪ੍ਰਿੰਸੀਪਲ ਨੀਰਜਾ ਢੀਂਗਰਾ, ਚੋਣ ਕਾਨੂੰਗੋ ਸੁਖਦੇਵ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਨੌਜਵਾਨ ਵੋਟਰ ਹਾਜ਼ਰ ਸਨ।
No comments:
Post a Comment