ਹੁਸ਼ਿਆਰਪੁਰ, 16 ਜਨਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਗਈ 'ਸਮਰਪਣ' ਪ੍ਰੋਜੈਕਟ ਨੂੰ ਲੈ ਕੇ ਸਕੂਲ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲ 'ਸਮਰਪਣ' ਪ੍ਰੋਜੈਕਟ ਵਿੱਚ ਆਪਣਾ ਯੋਗਦਾਨ ਦੇਣ ਲਈ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸੇ ਕੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਿਆਲਾ ਦੀ ਪ੍ਰਿੰਸੀਪਲ ਸਵਤੰਤਰ ਕੁਮਾਰੀ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ 8395 ਰੁਪਏ ਦੀਆਂ 23 ਪਰਚੀਆਂ ਕਟਵਾ ਕੇ ਯੋਗਦਾਨ ਪਾਇਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਜੋਰਾ ਬਗਿਆੜੀ, ਟਾਂਡਾ, ਹਰਸੇ ਕਲੋਤਾ, ਚੋਹਾਲ, ਗਿਲਜੀਆਂ, ਚੱਬੇਵਾਲ ਅਤੇ ਰੇਲਵੇ ਮੰਡੀ ਸਕੂਲ ਨੇ 'ਸਮਰਪਣ' ਤਹਿਤ ਪਰਚੀਆਂ ਕਟਵਾ ਕੇ ਬੱਚਿਆਂ ਲਈ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ 'ਸਮਰਪਣ' ਜ਼ਰੀਏ ਇਕੱਤਰ ਫੰਡ ਨੂੰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਖਰਚਿਆ ਜਾਵੇਗਾ, ਤਾਂ ਜੋ ਕੋਈ ਵੀ ਸਕੂਲ ਮੁੱਢਲੀਆਂ ਲੋੜਾਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ 'ਸਮਰਪਣ' ਪ੍ਰੋਜੈਕਟ ਲਈ ਦਾਨੀ ਸੱਜਣਾਂ ਵਲੋਂ ਪ੍ਰਤੀ ਦਿਨ 1 ਰੁਪਏ ਦੇ ਹਿਸਾਬ ਨਾਲ ਸਾਲ ਦੇ 365 ਦਿਨਾਂ ਲਈ ਆਪਣੇ ਕਿਸੇ ਵਿਸ਼ੇਸ਼ ਦਿਨ 'ਤੇ 365 ਰੁਪਏ ਦਾਨ ਕੀਤੇ ਜਾ ਸਕਦੇ ਹਨ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸਵਤੰਤਰ ਰਾਣੀ ਤੋਂ ਇਲਾਵਾ ਅਧਿਆਪਕ ਮਹਿੰਦਰ ਪਾਲ, ਧਰਮਪਾਲ, ਸਰਵਜੀਤ ਸਿੰਘ, ਰਾਕੇਸ਼ ਰਾਣੀ, ਬਲਵਿੰਦਰ ਕੌਰ, ਅੰਜਨਾ, ਰਮਨ ਹਾਂਡਾ, ਰਾਜਵਿੰਦਰ ਕੌਰ, ਅਜੇਸਿੰਘ, ਗੁਲਸ਼ਨ ਅਹੀਰ, ਸੁਰਜੀਤ ਕੌਰ, ਦੀਪਕ, ਮੁਨੀਸ਼, ਹਰਪ੍ਰੀਤ, ਅਮਰਜੀਤ ਕੌਰ ਅਤੇ ਸੁਜਾਤਾ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਸਮਰਪਣ' ਦਾ ਮੈਂਬਰ ਬਣ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਲਈ ਵਰਦਾਨ ਸਾਬਤ ਹੋਵੇਗਾ।
No comments:
Post a Comment