- ਸਰਕਾਰੀ ਚਿਲਡਰਨ ਹੋਮ 'ਚ 'ਅਡਾਪਟ ਏ ਹੋਮ' ਪ੍ਰੋਗਰਾਮ ਦੀ ਸ਼ੁਰੂਆਤ
ਹੁਸ਼ਿਆਰਪੁਰ, 8 ਜਨਵਰੀ: 'ਕਰਵੱਟ-ਏਕ ਬਦਲਾਵ' ਵੈਲਫੇਅਰ ਸੁਸਾਇਟੀ ਵਲੋਂ 'ਅਡਾਪਟ ਏ ਹੋਮ' ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਅੱਜ ਸਰਕਾਰੀ ਚਿਲਡਰਨ ਹੋਮ (ਲੜਕੇ) ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕੀਤੀ। ਇਹ ਸ਼ੁਰੂਆਤ ਕਰਕੇ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਥੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਕਰਵੱਟ-ਏਕ ਬਦਲਾਵ' ਸੰਸਥਾ ਇਹ ਮੁਹਿੰਮ ਸ਼ੁਰੂ ਕਰਕੇ ਰਾਜ ਦੀ ਪਹਿਲੀ ਸੰਸਥਾ ਬਣ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਇਸ ਅਨਾਥ ਆਸ਼ਰਮ ਵਿੱਚ ਆਪਣੀਆਂ ਬਣਦੀਆਂ ਸੇਵਾਵਾਂ ਦੇਣ। ਉਨ੍ਹਾਂ ਕਿਹਾ ਕਿ 'ਕਰਵੱਟ-ਏਕ ਬਦਲਾਵ' ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਦੀ ਟੀਮ ਸਮਾਜਿਕ ਬੁਰਾਈਆਂ ਦੇ ਹੱਲ ਲਈ ਇਕ ਬਦਲ ਬਣ ਕੇ ਉਭਰੀ ਹੈ। ਉਨ੍ਹਾਂ ਕਿਹਾ ਕਿ ਅਨਾਥ ਅਤੇ ਬੇਸਹਾਰਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀ ਪਹਿਲ ਦੀ ਬੇਹੱਦ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ 'ਅਡਾਪਟ ਏ ਹੋਮ' ਮੁਹਿੰਮ ਦਾ ਉਦੇਸ਼ ਸਰਕਾਰੀ ਅਨਾਥ ਆਸ਼ਰਮ ਵਿੱਚ ਰਹਿ ਰਹੇ ਅਨਾਥ, ਬੇਸਹਾਰਾ ਅਤੇ ਹਾਲਾਤ ਤੋਂ ਮਜ਼ਬੂਰ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਸਮਾਜਿਕ ਪੱਧਰ 'ਤੇ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਹਿਰ ਵਾਸੀ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਹੈ, ਤਾਂ ਪ੍ਰੋਜੈਕਟ ਹੈਡ ਮਨੀਗੋਗਿਆ ਨਾਲ (94636-34003) ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਪੀ.ਸੀ.ਐਸ. ਅਧਿਕਾਰੀ ਸ੍ਰੀ ਅਮਿਤ ਸਰੀਨ (ਅੰਡਰ ਟਰੇਨਿੰਗ), ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਉਘੇ ਪੱਤਰਕਾਰ ਸ੍ਰੀ ਸਵਰਨ ਸਿੰਘ ਟਹਿਣਾ ਅਤੇ ਪ੍ਰਾਇਮ ਏਸ਼ੀਆ ਟੀ.ਵੀ. ਕੈਨੇਡਾ ਦੇ ਸ੍ਰੀਮਤੀ ਹਰਮਨ ਕੌਰ ਥਿੰਦ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ ਇਕ ਪੌਦਾ ਵੀ ਲਗਾਇਆ।
ਸਮਾਗਮ ਦੌਰਾਨ ਜਨਰਲ ਸਕੱਤਰ ਸ੍ਰੀ ਸਿਮਰਪ੍ਰੀਤ ਸਿੰਘ, ਉਪ ਪ੍ਰਧਾਨ ਸ੍ਰੀ ਆਯੂਸ਼ ਸ਼ਰਮਾ, ਜ਼ਿਲ੍ਹਾ ਭਲਾਈ ਕਮੇਟੀ ਦੇ ਚੇਅਰਪਰਸਨ ਡਾ. ਅਸ਼ਵਨੀ ਜੁਨੇਜਾ, ਸ੍ਰੀ ਅਰਵਿੰਦ ਸ਼ਰਮਾ, ਸ੍ਰੀ ਵੀ.ਕੇ. ਚੋਪੜਾ, ਸਮਾਜ ਸੇਵੀ ਇੰਦਰਜੀਤ ਨੰਦਨ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
No comments:
Post a Comment