- ਕਿਹਾ, ਆਈ.ਐਮ.ਏ. ਰਾਜ ਵਿੱਚ ਸਿਹਤ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਹਤ ਯੋਜਨਾਵਾਂ ਲਈ ਪੂਰਾ ਸਹਿਯੋਗ ਕਰੇਗੀ
- ਸਪੈਸ਼ਲਿਸਟ ਡਾਕਟਰਾਂ ਦੀ ਤਨਖਾਹ 1 ਲੱਖ 75 ਹਜ਼ਾਰ ਕਰਨ ਸਬੰਧੀ ਵਿੱਤ ਵਿਭਾਗ ਨੂੰ ਭੇਜੀ ਤਜਵੀਜ਼
- ਸਟੇਟ ਅਤੇ ਨੈਸ਼ਨਲ ਹਾਈ ਵੇਅ 'ਤੇ ਖੋਲ੍ਹੇ ਜਾਣਗੇ ਟਰੋਮਾ ਸੈਂਟਰ
ਹੁਸ਼ਿਆਰਪੁਰ, 21 ਜਨਵਰੀ: ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਵਲੋਂ ਨਵੀਂ ਭਰਤੀ ਕੀਤੇ ਜਾਂਦੇ ਮੈਡੀਕਲ ਅਫ਼ਸਰਾਂ ਨੂੰ ਰੈਗੂਲਰ ਤਨਖਾਹ ਸਕੇਲ ਸਬੰਧੀ ਕੀਤੀ ਘੋਸ਼ਣਾ ਨਾਲ ਵੱਧ ਤੋਂ ਵੱਧ ਡਾਕਟਰ ਸਰਕਾਰੀ ਸੇਵਾਵਾਂ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਵਿੱਤ ਮੰਤਰੀ ਨਾਲ ਡਾਕਟਰਾਂ ਨੂੰ ਰੈਗੂਲਰ ਤਨਖਾਹ ਸਕੇਲ ਤੇ ਭਰਤੀ ਕਰਨ ਸਬੰਧੀ ਚਰਚਾ ਕੀਤੀ ਸੀ, ਜਿਸ ਦੇ ਲਾਗੂ ਹੋਣ ਨਾਲ ਨਵੀਂ ਭਰਤੀ ਹੋਣ ਵਾਲੇ ਡਾਕਟਰਾਂ ਦਾ ਮਨੋਬਲ ਵੀ ਵਧੇਗਾ। ਉਹ ਅੱਜ ਆਈ.ਐਮ.ਏ. ਦੀ ਦੋ ਰੋਜ਼ਾ ਸੂਬਾ ਪੱਧਰੀ ਕਾਨਫਰੰਸ ਦੇ ਅੰਤਿਮ ਦਿਨ ਸ਼ਿਰਕਤ ਕਰਨ ਦੌਰਾਨ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਈ.ਐਮ.ਏ. ਨੇ ਉਨ੍ਹਾਂ ਨੂੰ ਵਿਸ਼ਵਾਸ਼ ਦੁਆਇਆ ਹੈ ਕਿ ਸਿਹਤ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਹਤ ਯੋਜਨਾਵਾਂ ਨੂੰ ਆਈ.ਐਮ.ਏ. ਪੂਰਾ ਸਹਿਯੋਗ ਦੇਵੇਗੀ। ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਮੈਡੀਕਲ ਨੈਸ਼ਨਲ ਬਿੱਲ ਦਾ ਪੰਜਾਬ ਸਰਕਾਰ ਵਿਰੋਧ ਕਰੇਗੀ। ਇਹ ਬਿੱਲ ਡਾਕਟਰਾਂ ਅਤੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸਪੈਸ਼ਲ ਡਾਕਟਰਾਂ ਦੀ ਤਨਖਾਹ 1 ਲੱਖ 75 ਹਜ਼ਾਰ ਪ੍ਰਤੀ ਮਹੀਨਾ ਕਰਨ ਸਬੰਧੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜ ਗਈ ਹੈ, ਤਾਂ ਜੋ ਵੱਧ ਤੋਂ ਵੱਧ ਸਪੈਸ਼ਲਿਸਟ ਡਾਕਟਰ ਸਰਕਾਰੀ ਸੇਵਾਵਾਂ ਵਿੱਚ ਆਉਣ ਅਤੇ ਹਸਪਤਾਲਾਂ ਵਿੱਚ ਸਪੈਸ਼ਲ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਵੀ ਜਲਦੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੈਜੀਡੈਂਸਲ ਖੇਤਰਾਂ ਵਿੱਚ ਖੋਲ੍ਹੇ ਗਏ ਨਰਸਿੰਗ ਹੋਮ ਸਬੰਧੀ ਵੀ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਦੁਆਰਾ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਕ ਐਕਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਲੋਂ ਜੋ ਓਪਰੇਸ਼ਨ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦੇ ਖਰਚੇ ਸਬੰਧੀ ਲਿਸਟ ਹਸਪਤਾਲਾਂ ਦੇ ਬਾਹਰ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸਟੇਟ ਅਤੇ ਨੈਸ਼ਨਲ ਹਾਈ ਵੇਅ 'ਤੇ ਜ਼ਿਆਦਾ ਹੋਣ ਵਾਲੀਆਂ ਸੰਭਾਵਿਤ ਸੜਕ ਦੁਰਘਟਨਾਵਾਂ 'ਤੇ ਟਰੋਮਾ ਸੈਂਟਰ ਖੋਲ੍ਹੇ ਜਾਣਗੇ। ਇਸ ਸਬੰਧੀ ਗਠਿਤ ਕੀਤੀ ਗਈ ਕਮੇਟੀ ਵਲੋਂ ਤਜਵੀਜ਼ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 5 ਹੋਰ ਨਵੇਂ ਸਰਕਾਰੀ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਪਹਿਲਾ ਮੈਡੀਕਲ ਕਾਲਜ ਮੋਹਾਲੀ ਵਿਖੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ, ਚਿਕਨਗੂਨੀਆਂ ਅਤੇ ਸਵਾਈਨ ਫਲੂ ਵਰਗੀਆਂ ਗੰਭੀਰ ਬੀਮਾਰੀਆਂ ਸਬੰਧੀ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਸ ਜਗ੍ਹਾ ਅਤੇ ਖੇਤਰ ਵਿੱਚ ਇਹ ਬੀਮਾਰੀਆਂ ਹੁੰਦੀਆਂ ਹਨ, ਉਸ ਦੀ ਰਿਪੋਰਟ ਤੁਰੰਤ ਸਿਹਤ ਵਿਭਾਗ ਨੂੰ ਭੇਜੀ ਜਾਵੇ, ਤਾਂ ਜੋ ਵਿਭਾਗ ਉਸ ਖੇਤਰ ਵਿੱਚ ਉਪਰਾਲੇ ਕਰਕੇ ਇਨ੍ਹਾਂ ਬੀਮਾਰੀਆਂ ਨੂੰ ਹੋਰ ਜਗ੍ਹਾ 'ਤੇ ਫੈਲਣ ਤੋਂ ਵੀ ਰੋਕ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਰ ਵਰਗ ਦੇ ਵਿਅਕਤੀ ਦੀ ਸਿਹਤ ਦੀ ਚਿੰਤਾ ਹੈ। ਇਸ ਲਈ ਸਰਕਾਰ ਵਲੋਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਬੀਮਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬੱਧ ਕਰਾਉਣ ਲਈ ਵਚਨਬੱਧ ਹੈ ਅਤੇ ਹਰ ਸੰਭਵ ਸਹੂਲਤਾਂ ਆਮ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਸਿਹਤ ਮੰਤਰੀ ਪੰਜਾਬ ਨੂੰ ਆਈ.ਐਮ.ਏ. ਵਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਕਾਨਫਰੰਸ ਦੌਰਾਨ ਡੀ.ਐਮ.ਸੀ. ਲੁਧਿਆਣਾ, ਸਰਕਾਰੀ ਕਾਲਜ ਪਟਿਆਲਾ ਅਤੇ ਪੀ.ਆਈ.ਐਮ.ਐਸ. ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮਾਹਿਰ ਡਾਕਟਰਾਂ ਨੇ ਨਵੀਂ ਤਕਨੀਕ ਅਨੁਸਾਰ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਓ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਸਿਹਤ ਮੰਤਰੀ ਵਲੋਂ ਇਕ ਸੁਵੀਨਾਰ ਵੀ ਰੀਲੀਜ਼ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਡਾਕਟਰ ਜਤਿੰਦਰ ਕਾਂਸਲ ਨੂੰ ਆਈ.ਐਮ.ਏ. ਦਾ ਨਵਾਂ ਸਟੇਟ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜਸਪਾਲ ਕੌਰ, ਸਿਵਲ ਸਰਜਨ ਡਾ. ਰੇਨੂ ਸੂਦ, ਡਾ.ਰਜਿੰਦਰ ਸ਼ਰਮਾ, ਸਟੇਟ ਪ੍ਰਧਾਨ ਅਤੇ ਚੇਅਰਮੈਨ ਡਾ.ਨਵਜੋਤ, ਸਟੇਟ ਸਕੱਤਰ ਡਾ. ਕੇਸ਼ਵ ਸੂਦ, ਸਕੱਤਰ ਡਾ. ਨਰੇਸ਼ ਸੂਦ, ਫਾਇਨਾਂਸ ਸਕੱਤਰ ਡਾ. ਯੋਗੇਸ਼ਵਰ ਸੂਦ ਤੋਂ ਇਲਾਵਾ 1200 ਤੋਂ ਵੱਧ ਡਾਕਟਰ ਵੀ ਮੌਜੂਦ ਸਨ।
No comments:
Post a Comment