ਹੁਸ਼ਿਆਰਪੁਰ, 15 ਜਨਵਰੀ: ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਨੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਹੁਸ਼ਿਆਰਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਨਾਲ 'ਸਿੱਧੀ ਵਾਰਤਾਲਾਪ ਸਬੰਧੀ ਪ੍ਰੋਗਰਾਮ' ਤਹਿਤ ਨੌਵੀਂ ਤੋਂ ਬਾਹਰਵੀਂ ਕਲਾਸ ਦੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਨਗਣਨਾ
ਮੁਤਾਬਕ 18-19 ਵਰਗ ਦੇ ਨੌਜਵਾਨਾਂ ਦੇ ਅੰਕੜਿਆਂ ਅਨੁਸਾਰ ਵੋਟਰ ਸੂਚੀ ਵਿੱਚ ਰਜਿਸਟਰਡ ਹੋਏ ਇਸ ਵਰਗ ਦੇ ਵੋਟਰਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਗਰੁੱਪ ਦੇ ਨੌਜਵਾਨਾਂ ਦੀ ਅਨੁਮਾਨਤ ਗਿਣਤੀ 64,021 ਹੈ, ਜਦਕਿ ਵੋਟਰ ਸੂਚੀ ਅਨੁਸਾਰ ਰਜਿਸਟਰਡ ਹੋਏ ਇਸ ਵਰਗ ਗਰੁੱਪ ਦੇ ਵੋਟਰਾਂ ਦੀ ਗਿਣਤੀ 19533 ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਅੰਤਰ ਨੂੰ ਖਤਮ ਕਰਨ ਲਈ ਭਵਿੱਖ ਦੇ ਵੋਟਰਾਂ ਭਾਵ ਨੌਵੀਂ ਤੋਂ ਬਾਹਰਵੀਂ ਜਮਾਤ ਦੇ ਬੱਚਿਆਂ 'ਤੇ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ।
ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ/ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਸੈਕੰਡਰੀ ਸਕੂਲਾਂ ਵਿੱਚ ਜਾ ਕੇ ਸਿੱਧੇ ਤੌਰ 'ਤੇ ਨੌਵੀਂ ਤੋਂ ਬਾਹਰਵੀਂ ਜਮਾਤ ਦੇ ਬੱਚਿਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ 18 ਸਾਲ ਦੀ ਉਮਰ ਹੋਣ 'ਤੇ ਆਪਣੀ ਵੋਟ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਵੋਟ ਬਣਾਉਣ ਉਪਰੰਤ ਚੋਣਾਂ ਸਮੇਂ ਬਿਨ੍ਹਾਂ ਡਰ ਅਤੇ ਲਾਲਚ ਨਾਲ ਇਸ ਦਾ ਇਸਤੇਮਾਲ ਵੀ ਕਰਨ। ਉਨ੍ਹਾਂ ਕਿਹਾ ਕਿ ਬੱਚੇ ਵੋਟ ਬਣਾਉਣ ਦੀ ਜਾਣਕਾਰੀ ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਗਵਾਂਢੀਆਂ ਨਾਲ ਵੀ ਸਾਂਝੀ ਕਰਨ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਵੋਟਰ ਬਣ ਕੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਵਿਦਿਆਰਥੀਆਂ ਨੂੰ ਚੋਣ ਪ੍ਰਣਾਲੀ ਨਾਲ ਸਬੰਧਤ ਕੁਝ ਸਵਾਲ ਵੀ ਪੁੱਛੇ ਗਏ ਅਤੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਮੌਕੇ ਤਹਿਸੀਲਦਾਰ (ਚੋਣਾਂ) ਸ੍ਰੀ ਕਰਨੈਲ ਸਿੰਘ ਅਤੇ ਸਕੂਲ ਪਿੰ੍ਰੰਸੀਪਲ ਸ੍ਰੀਮਤੀ ਕਿਰਨ ਸੈਣੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
No comments:
Post a Comment