ਬਲਾਕ ਤਲਵਾੜਾ, ਮੁਕੇਰੀਆ, ਦਸੂਹਾ ਅਤੇ ਹੁਸ਼ਿਆਰਪੁਰ-1 ਅਧੀਨ ਪੈਂਦੇ 10 ਪਿੰਡਾਂ ਦਾ ਕਰਨਗੇ ਦੌਰਾ
ਹੁਸ਼ਿਆਰਪੁਰ, 23 ਜਨਵਰੀ: ਮਨਿਸਟਰੀ ਆਫ਼ ਰੂਰਲ ਡਿਵੈਲਪਮੈਂਟ ਅਤੇ ਪੰਚਾਇਤੀ ਰਾਜ, ਭਾਰਤ ਸਰਕਾਰ ਨਵੀਂ ਦਿੱਲੀ ਵਲੋਂ ਨਿਯੁਕਤ ਕੀਤੇ ਗਏ ਮੋਨੀਟਰਿੰਗ ਅਧਿਕਾਰੀ ਸ੍ਰੀ ਆਰ.ਐਨ. ਓਝਾ ਜ਼ਿਲ੍ਹੇ ਦੇ ਚੁਣੇ ਗਏ ਪਿੰਡਾਂ ਵਿੱਚ ਚੱਲ ਰਹੀਆਂ ਸੈਂਟਰ ਸਪਾਂਸਰ ਸਕੀਮਾਂ ਦਾ ਜਾਇਜ਼ਾ ਲੈਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਸ੍ਰੀ ਆਰ.ਐਨ. ਓਝਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰਾਲਿਆ ਵਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਸੈਂਟਰ ਸਪਾਂਸਰ ਸਕੀਮਾਂ ਦਾ ਜਾਇਜ਼ਾ ਲੈਣ ਲਈ ਮੋਨੀਟਰਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਬਲਾਕ ਤਲਵਾੜਾ, ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਵੱਖ-ਵੱਖ 10 ਪਿੰਡਾਂ ਦਾ ਦੌਰਾ ਕਰਨਗੇ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਅਧੀਨ ਕੀਤੇ ਗਏ ਕੰਮਾਂ ਦਾ
ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਲਾਕ ਹੁਸ਼ਿਆਰਪੁਰ-1 ਅਧੀਨ ਆਉਂਦੇ ਪਿੰਡ ਆਦਮਵਾਲ, ਬਲਾਕ ਮੁਕੇਰੀਆਂ ਅਧੀਨ ਆਉਂਦੇ ਪਿੰਡ ਬੁੱਢਾਬੜ ਅਤੇ ਤਲਵਾੜਾ ਅਧੀਨ ਆਉਂਦੇ ਪਿੰਡ ਚਤਰਪੁਰ ਸਮੇਤ 10 ਅਜਿਹੇ ਪਿੰਡਾਂ ਦਾ ਦੌਰਾ ਕਰਨ ਲਈ ਦੂਰੀ ਅਤੇ ਸਮੇਂ ਅਨੁਸਾਰ ਯੋਜਨਾ ਬਣਾਈ ਜਾਵੇ।
ਸ੍ਰੀ ਓਝਾ ਨੇ ਕਿਹਾ ਕਿ ਨਿਯੁਕਤ ਕੀਤੇ ਗਏ ਪਿੰਡਾਂ ਵਿੱਚ ਮਗਨਰੇਗਾ, ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਸਮਾਜਿਕ ਸੁਰੱਖਿਆ ਅਧੀਨ ਨੈਸ਼ਨਲ ਓਲਡ ਪੈਨਸ਼ਨ, ਵੋਮੈਨ ਅਤੇ ਅਪੰਗਤਾ ਤਹਿਤ ਪੈਨਸ਼ਨ ਯੋਜਨਾਵਾਂ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਦੀਨ ਦਿਆਲ ਉਪਾਧਿਆਏ ਕੌਸ਼ਲ ਯੋਜਨਾ, ਸੰਸਦ ਆਦਰਸ਼ ਗਰਾਮ ਯੋਜਨਾ ਤਹਿਤ ਪਿੰਡ ਬੁੱਢਾਬੜ ਅਤੇ ਆਦਮਵਾਲ, ਪ੍ਰਧਾਨ ਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਸਮੇਤ ਜ਼ਿਲ੍ਹੇ ਵਿੱਚ ਚਲਾਈਆਂ ਜਾਂਦੀਆਂ ਸੈਂਟਰ ਸਪਾਂਸਰ ਯੋਜਨਾਵਾਂ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਲੋਂ ਕੇਂਦਰ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਯੋਜਨਾਵਾਂ ਅਧੀਨ ਚੁਣੇ ਗਏ ਜਿਨ੍ਹਾਂ ਪਿੰਡਾਂ ਵਿੱਚ ਕੰਮ ਕੀਤਾ ਗਿਆ ਹੈ, ਉਸ ਦੀ ਵਿਸਥਾਰ ਨਾਲ ਇਕ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਚੁਣੇ ਗਏ ਪਿੰਡਾਂ ਦਾ ਦੌਰਾ ਕਰਨਗੇ ਅਤੇ ਜ਼ਮੀਨੀ ਪੱਧਰ 'ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਯੋਜਨਾਵਾਂ ਦੀ ਜਾਣਕਾਰੀ ਹਾਸਲ ਕਰਨਗੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਿਭਾਗਾਂ ਦੇ ਅਧਿਕਾਰੀ ਆਪਸੀ ਤਾਲਮੇਲ ਬਣਾ ਕੇ ਕੀਤੇ ਗਏ ਕੰਮਾਂ ਦੀ ਪੂਰੀ ਰਿਪੋਰਟ ਤਿਆਰ ਕਰਨ, ਤਾਂ ਜੋ ਜਾਇਜ਼ਾ ਲੈਣ ਦੌਰਾਨ ਮੌਕੇ 'ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਇਸ ਮੌਕੇ 'ਤੇ ਟੀਮ ਨਾਲ ਆਏ ਸ੍ਰੀ ਪਵਨ ਪਾਂਡੇ, ਐਸ.ਡੀ.ਓ. ਪੰਚਾਇਤੀ ਰਾਜ ਸ੍ਰੀ ਰਾਜ ਕੁਮਾਰ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਬੁੱਧੀ ਰਾਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
No comments:
Post a Comment