- ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਕੌਮੀ ਪੱਧਰ 'ਤੇ ਲਹਿਰ ਸ਼ੁਰੂ ਕਰਨ ਦਾ ਐਲਾਨ
- ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਵਿਨਾਸ਼ਕਾਰੀ ਤਾਕਤਾਂ ਦੀ ਕਰੜੀ ਨਿੰਦਾ
- ਅਮੀਰ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ
- ਸੁਖਬੀਰ ਵੱਲੋਂ ਪੰਜਾਬੀਆਂ ਦੇ ਹਰ ਖੇਤਰ ਵਿੱਚ ਯੋਗਦਾਨ ਦੀ ਚਰਚਾ
- 1984 ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ
- ਸਿੱਖਾਂ ਨੇ ਮੁਲਕ ਤੇ ਇਸ ਦੇ ਅਮੀਰ ਸੱਭਿਆਚਾਰ ਦੀ ਹਮੇਸ਼ਾ ਰਾਖੀ ਕੀਤੀ-ਰਾਜਨਾਥ ਸਿੰਘ
- ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸ਼ਕਤੀ, ਚੇਤਨਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ-ਅਮਿਤ ਸ਼ਾਹ
- ਹਰਸਿਮਰਤ ਕੌਰ ਬਾਦਲ, ਵਿਜੇ ਸਾਂਪਲਾ, ਕਮਲ ਸ਼ਰਮਾ ਤੇ ਬਾਬਾ ਰਾਮਦੇਵ ਵੀ ਹਾਜ਼ਰ
ਇਸ ਮੌਕੇ ਸ. ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਅਤਿ ਲੋੜੀਂਦੀ ਲਹਿਰ ਸ਼ੁਰੂ ਕਰਨ ਲਈ ਪਹਿਲ ਕਰਦਿਆਂ ਸਭ ਤੋਂ ਪਹਿਲਾਂ ਮੁਲਕ ਦੇ ਵੱਖ-ਵੱਖਸੂਬਿਆਂ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ 'ਏਕਤਾ ਸਮਾਗਮ' ਕਰਵਾਏਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਤ ਨਾਮਦੇਵ ਨੂੰ ਸਮਰਪਿਤ ਇਹ ਸਮਾਗਮ ਪੁਣੇ (ਮਹਾਰਾਸ਼ਟਰ), ਭਗਤ ਕਬੀਰ ਤੇ ਭਗਤ ਰਵਿਦਾਸ ਦੀ ਯਾਦ ਵਿੱਚ ਬਨਾਰਸ (ਉੱਤਰ ਪ੍ਰਦੇਸ਼), ਭਗਤ ਧੰਨਾ ਤੇ ਭਗਤ ਪੀਪਾ ਦੀ ਯਾਦ ਵਿੱਚ ਜੈਪੁਰ (ਰਾਜਸਥਾਨ) ਅਤੇ ਭਗਤ ਜੈ ਦੇਵ ਨੂੰ ਸਮਰਪਿਤ ਅਜਿਹਾ ਸਮਾਗਮ ਕਲਕੱਤਾ (ਪੱਛਮੀ ਬੰਗਾਲ) ਵਿਖੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਭਗਤਾਂ ਦੀ ਬਾਣੀ ਪ੍ਰੇਮ, ਪਿਆਰ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੰਦੀ ਹੈ।
