- ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਕੌਮੀ ਪੱਧਰ 'ਤੇ ਲਹਿਰ ਸ਼ੁਰੂ ਕਰਨ ਦਾ ਐਲਾਨ
- ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਵਿਨਾਸ਼ਕਾਰੀ ਤਾਕਤਾਂ ਦੀ ਕਰੜੀ ਨਿੰਦਾ
- ਅਮੀਰ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ
- ਸੁਖਬੀਰ ਵੱਲੋਂ ਪੰਜਾਬੀਆਂ ਦੇ ਹਰ ਖੇਤਰ ਵਿੱਚ ਯੋਗਦਾਨ ਦੀ ਚਰਚਾ
- 1984 ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ
- ਸਿੱਖਾਂ ਨੇ ਮੁਲਕ ਤੇ ਇਸ ਦੇ ਅਮੀਰ ਸੱਭਿਆਚਾਰ ਦੀ ਹਮੇਸ਼ਾ ਰਾਖੀ ਕੀਤੀ-ਰਾਜਨਾਥ ਸਿੰਘ
- ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸ਼ਕਤੀ, ਚੇਤਨਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ-ਅਮਿਤ ਸ਼ਾਹ
- ਹਰਸਿਮਰਤ ਕੌਰ ਬਾਦਲ, ਵਿਜੇ ਸਾਂਪਲਾ, ਕਮਲ ਸ਼ਰਮਾ ਤੇ ਬਾਬਾ ਰਾਮਦੇਵ ਵੀ ਹਾਜ਼ਰ
ਇਸ ਮੌਕੇ ਸ. ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਅਤਿ ਲੋੜੀਂਦੀ ਲਹਿਰ ਸ਼ੁਰੂ ਕਰਨ ਲਈ ਪਹਿਲ ਕਰਦਿਆਂ ਸਭ ਤੋਂ ਪਹਿਲਾਂ ਮੁਲਕ ਦੇ ਵੱਖ-ਵੱਖਸੂਬਿਆਂ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ 'ਏਕਤਾ ਸਮਾਗਮ' ਕਰਵਾਏਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਤ ਨਾਮਦੇਵ ਨੂੰ ਸਮਰਪਿਤ ਇਹ ਸਮਾਗਮ ਪੁਣੇ (ਮਹਾਰਾਸ਼ਟਰ), ਭਗਤ ਕਬੀਰ ਤੇ ਭਗਤ ਰਵਿਦਾਸ ਦੀ ਯਾਦ ਵਿੱਚ ਬਨਾਰਸ (ਉੱਤਰ ਪ੍ਰਦੇਸ਼), ਭਗਤ ਧੰਨਾ ਤੇ ਭਗਤ ਪੀਪਾ ਦੀ ਯਾਦ ਵਿੱਚ ਜੈਪੁਰ (ਰਾਜਸਥਾਨ) ਅਤੇ ਭਗਤ ਜੈ ਦੇਵ ਨੂੰ ਸਮਰਪਿਤ ਅਜਿਹਾ ਸਮਾਗਮ ਕਲਕੱਤਾ (ਪੱਛਮੀ ਬੰਗਾਲ) ਵਿਖੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਭਗਤਾਂ ਦੀ ਬਾਣੀ ਪ੍ਰੇਮ, ਪਿਆਰ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੰਦੀ ਹੈ।
ਸ. ਬਾਦਲ ਨੇ ਮੁਲਕ ਵਿਰੋਧੀ ਤਾਕਤਾਂ ਵੱਲੋਂ 'ਪਾੜੋ ਤੇ ਰਾਜ ਕਰੋ' ਦੀ ਅਪਣਾਈ ਗਈ ਵਿਨਾਸ਼ਕਾਰੀ ਨੀਤੀ ਦੀ ਥਾਂ 'ਏਕਤਾ ਰਾਹੀਂ ਰਾਜ' ਹਾਸਲ ਕਰਨ ਦਾ ਰਾਹ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਵਿੱਚ ਨਫਰਤ ਦੇ ਬੀਜ ਬੀਜਣ ਵਾਲੇ ਲੋਕ ਇਸ ਮਹਾਨ ਮੁਲਕ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਤੇ ਅਖੰਡਤਾ ਦੀ ਬੁਨਿਆਦ ਪੰਜ ਪਿਆਰਿਆਂ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰੱਖੀ ਗਈ ਅਤੇ ਇਸੇ ਅਨੰਦਪੁਰੀ ਸੋਚ ਤੋਂ ਸੇਧ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਮੁਲਕ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਹਰ ਕੁਰਬਾਨੀ ਦੇਣ ਲਈ ਸਦਾ ਤਤਪਰ ਹੈ।
ਸਿੱਖਾਂ ਨੂੰ ਦੇਸ਼ ਭਗਤ, ਵਫ਼ਾਦਾਰ ਅਤੇ ਕੁਰਬਾਨੀ ਦਾ ਜਜ਼ਬਾ ਰੱਖਣ ਵਾਲੀ ਕੌਮ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਵਿਚਾਰਧਾਰਾ ਨੂੰ ਸਮਝਿਆ ਨਹੀਂ ਜਾ ਰਿਹਾ। ਮੁਲਕ ਨੂੰ ਆਜ਼ਾਦ ਕਰਵਾਉਣ, ਇਸ ਦੀ ਰੱਖਿਆ ਕਰਨ ਅਤੇ ਦੇਸ਼ ਦੀ ਨਵ-ਉਸਾਰੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਨੂੰ ਕੁਝ ਸ਼ਕਤੀਆਂ ਵੱਲੋਂ ਫਿਰਕਾਪ੍ਰਸਤ ਗਰਦਾਨ ਕੇ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਹੈ। ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਗਈ ਧਰਮ ਨਿਰਪੱਖਾ ਅਤੇ ਸਮਾਜਵਾਦ ਦੀ ਵਿਚਾਰਧਾਰ ਨੂੰ ਪ੍ਰਣਾਈ ਹੋਈ ਜਥੇਬੰਦੀ ਹੈ।
ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੁਝ ਨਾ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਅੱਜ ਦੇ ਇਸ ਸਮਾਗਮ ਵਿੱਚ ਨਾ ਆ ਸਕਣ ਦੇ ਗਲਤ ਅਰਥ ਕੱਢਣ ਵਾਲੀਆਂ ਸ਼ਕਤੀਆਂ ਦੀ ਕਰੜੀ ਨਿੰਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਕਿਸੇ ਵੀ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਦਾ ਪੰਜਾਬ ਵਿੱਚ ਕੀਤਾ ਗਿਆ ਤਬਾਦਲਾ ਇਨਸਾਨੀਅਤ ਦੇ ਆਧਾਰ 'ਤੇ ਅਤੇ ਮੁਲਕ ਦੇ ਕਾਨੂੰਨ ਅਨੁਸਾਰ ਹੀ ਹੋਇਆ ਹੈ।
ਸ. ਬਾਦਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਮਹਿਜ਼ ਇਕ ਸ਼ਹਿਰ ਨਹੀਂ ਹੈ ਸਗੋਂ ਉਹ ਇਨਕਲਾਬੀ ਸੋਚ ਹੈ ਜਿਸ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਹਿੰਦੁਸਤਾਨ ਦੇ ਇਤਿਹਾਸ ਨੂੰ ਜ਼ਬਰਦਸਤ ਮੋੜਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਧਰਤੀ 'ਤੇ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਕੀਤੀ ਗਈ ਸ਼ਕਤੀ ਸਦਕਾ ਹੀ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਤੋਂ ਮਹਿਜ਼ 10 ਸਾਲਾਂ ਦੇ ਛੋਟੇ ਜਿਹੇ ਅਰਸੇ ਦੌਰਾਨ ਹੀ ਮੁਲਕ ਦੇ ਇਸ ਖਿੱਤੇ ਵਿੱਚ ਮੁਗਲਾਂ ਨੂੰ ਹਰਾ ਕੇ ਖਾਲਸਾ ਰਾਜ ਦਾ ਪਰਚਮ ਲਹਿਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਧਰਤੀ ਸੇਵਾ, ਸਾਂਝੀਵਾਲਤਾ, ਕੁਰਬਾਨੀ ਅਤੇ ਜ਼ੁਲਮ ਵਿਰੁੱਧ ਜੂਝ ਮਰਨ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਲਈ ਸਭ ਤੋਂ ਵੱਡੀ ਕੁਰਬਾਨੀ ਏਸੇ ਧਰਤੀ ਤੋਂ ਚੱਲ ਕੇ ਦਿੱਤੀ ਗਈ ਸੀ।
ਮੁੱਖ ਮੰਤਰੀ ਨੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਦੱਸਿਆ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਇਤਿਹਾਸਕ ਦਿਹਾੜੇ ਸਰਕਾਰੀ ਪੱਧਰ 'ਤੇ ਮਨਾਏ ਜਾਂਦੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿੱਖ ਧਰਮ ਦੇ ਨਾਲ-ਨਾਲ ਬਾਕੀ ਧਰਮਾਂ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ 'ਤੇ ਸਰਕਾਰ ਵੱਲੋਂ ਢੁਕਵੀਂਆਂ ਯਾਦਗਾਰਾਂ ਉਸਾਰੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਅਮੀਰ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਮੂਰਤੀਮਾਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ, ਵੱਡਾ ਤੇ ਛੋਟਾ ਘੱਲੂਘਾਰਾ ਯਾਦਗਾਰਾਂ ਦੀ ਉਸਾਰੀ ਕਰਨ ਤੋਂ ਇਲਾਵਾ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਅਤੇ ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ-ਕਮ-ਸਮਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਛੱਤੀਸਗੜ੍ਹ ਦੇ ਰਾਜਪਾਲ ਸ੍ਰੀ ਬਲਰਾਮ ਜੀ ਦਾਸ ਟੰਡਨ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਇਕ ਸਿਰੋਪਾਓ, ਸ੍ਰੀ ਸਾਹਿਬ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਹਮੇਸ਼ਾ ਜਬਰ, ਜ਼ੁਲਮ ਅਤੇਬੇਇਨਸਾਫੀ ਵਿਰੁੱਧ ਜੂਝ ਮਰਨ ਦਾ ਸੁਨੇਹਾ ਦਿੱਤਾ ਹੈ ਅਤੇ ਬਹਾਦਰ ਪੰਜਾਬੀਆਂ ਨੇ ਹਰ ਮੋਰਚੇ 'ਤੇ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ 90 ਫੀਸਦੀ ਸਿੱਖਾਂ ਨੇ ਫਾਂਸੀ ਦੇ ਰੱਸੇ ਚੁੰਮਕੇ ਜਿੱਥੇ ਸ਼ਹਾਦਤ ਦਿੱਤੀ, ਉੱਥੇ ਕਾਲੇਪਾਣੀ ਦੀ ਸਜ਼ਾ ਕੱਟਣ ਵਾਲੇ ਆਜ਼ਾਦੀ ਘੁਲਾਟੀਆਂ ਵਿਚ ਵੀ 85 ਫੀਸਦੀ ਸਿੱਖ ਸਨ। ਇਸ ਤੋਂ ਇਲਾਵਾ ਕੇਵਲ 2 ਫੀਸਦੀ ਆਬਾਦੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ 60 ਫੀਸਦੀ ਯੋਗਦਾਨ ਦੇ ਕੇ ਦੇਸ਼ ਦੀ ਅਨਾਜ ਸੁਰੱਖਿਆ ਆਪਣੀ ਮਿਹਨਤ ਨਾਲ ਕਾਇਮ ਕੀਤੀ। ਐਮਰਜੈਂਸੀ ਵਿਰੁੱਧ ਵੀ ਸਭ ਤੋਂ ਪਹਿਲੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬੀਆਂ ਨੇ ਹੀ ਬੁਲੰਦ ਕੀਤੀ।
ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀਆਂ ਦੇਸ਼ ਪ੍ਰਤੀ ਏਨੀਆਂ ਸੇਵਾਵਾਂ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ '84 ਦੀ ਸਿੱਖ ਨਸਲਕੁਸ਼ੀ ਵੇਲੇ ਹਜ਼ਾਰਾਂ ਸਿੱਖਾਂ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪਰ 30 ਸਾਲਾਂ ਦਾ ਲੰਮਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਅਜੇ ਸਿੱਖ ਕੌਮ ਨੂੰ ਇਨਸਾਫ ਦੀ ਉਡੀਕ ਹੈ। ਸ. ਬਾਦਲ ਨੇ ਕਿਹਾ ਕਿ ਹੁਣ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਣਨ ਪਿੱਛੋਂ ਪੰਜਾਬ ਵਾਸੀਆਂ ਨੂੰ ਉਮੀਦ ਬੱਝੀ ਹੈ ਕਿ ਪੰਜਾਬ ਨਾਲ ਹੁੰਦੇ ਆ ਰਹੇ ਵਿਤਕਰਿਆਂ ਦਾ ਅੰਤ ਹੋਵੇਗਾ ਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਭੀਖ ਨਹੀਂ ਸਗੋਂ ਆਪਣੇ ਹੱਕ ਮੰਗ ਰਹੇ ਹਨ।
ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਜੋ ਕਿ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ 90 ਸਾਲ ਦੇ ਇਤਿਹਾਸ ਵਿੱਚ ਅਨੇਕਾਂ ਔਖੇ ਸਮਿਆਂ ਦਾ ਸਾਹਮਣਾ ਕੀਤਾਪਰ ਅਕਾਲੀ ਦਲ ਕਦੇ ਕਿਸੇ ਦਬਾਅ ਅੱਗੇ ਨਹੀਂ ਝੁਕਿਆ ਹੈ।
ਉਨਾਂ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਦਾ ਪੰਜਾਬ ਦਾਅਮੀਰ ਇਤਿਹਾਸਕ ਵਿਰਸਾ ਸਾਂਭਣ ਲਈ ਕੀਤੇ ਯਤਨਾਂ ਬਦਲੇ ਧੰਨਵਾਦ ਕੀਤਾ ਤੇ ਕਿਹਾ ਕਿ ਅਕਾਲੀ- ਭਾਜਪਾ ਸਰਕਾਰ ਨੇ ਵਿਰਾਸਤ ਏ ਖਾਲਸਾ, ਘੱਲੂਘਾਰਾ ਯਾਦਗਾਰ ਤੋਂ ਇਲਾਵਾ ਜੰਗ ਏ ਆਜਾਦੀ ਯਾਦਗਾਰ ਉਸਾਰੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਧਰਮਾਂ ਦੇ ਦਿਹਾੜੇ ਰਲ ਮਿਲਕੇ ਮਨਾਏ ਜਾਂਦੇ ਹਨ ਅਤੇ ਭਗਵਾਨ ਵਾਲਮਿਕ ਜੀ ਦੀ ਯਾਦ ਵਿਚ ਦੋ ਸੌ ਕਰੋੜ ਨਾਲ ਯਾਦਗਾਰ ਉਸਾਰੀ ਜਾ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਸਿੱਖਾਂ ਨੂੰ ਦੇਸ਼ ਭਗਤ ਅਤੇ ਮੁਲਕ ਦੇ ਅਮੀਰ ਸੱਭਿਆਚਾਰ ਦੀ ਰਾਖੀ ਕਰਨ ਵਾਲੀ ਕੌਮ ਕਰਾਰ ਦਿੰਦਿਆਂ ਕਿਹਾ ਕਿ ਪੂਰਾ ਮੁਲਕ ਇਸ ਬਹਾਦਰ ਭਾਈਚਾਰੇ ਦਾ ਦੇਣ ਕਦੇ ਨਹੀਂ ਦੇ ਸਕਦਾ ਜਿਸ ਨੇ ਇਸ ਮੁਲਕ ਦੀ ਆਨ, ਬਾਨ ਅਤੇ ਸ਼ਾਨ ਬਰਕਰਾਰ ਰੱਖਣ ਲਈ ਨਾ ਸਿਰਫ ਖੁਦ ਕੁਰਬਾਨੀ ਦਿੱਤੀ ਸਗੋਂ ਆਪਣੇ ਮਾਸੂਮ ਬੱਚੇ ਤੱਕ ਵੀ ਵਾਰ ਦਿੱਤੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਿਸੇ ਕੋਲੋਂ ਦੇਸ਼ ਭਗਤ ਹੋਣ ਦਾ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੁਲਕ ਦੇ ਬੱਚੇ-ਬੱਚੇ ਨੂੰ ਅਹਿਸਾਸ ਹੈ ਕਿ ਖਾਲਸਾ ਪੰਥ ਦੀਆਂ ਕੁਰਬਾਨੀਆਂ ਸਦਕਾ ਹੀ ਇਹ ਮੁਲਕ ਤੇ ਇਸ ਦਾ ਅਮੀਰ ਸੱਭਿਆਚਾਰ ਬਰਕਰਾਰ ਹੈ।
ਮੁਗਲਾਂ ਤੋਂ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਗਈਆਂ ਮਹਾਨ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਜ਼ੁਲਮੀ ਮੁਗਲ ਸਲਤਨਤ ਦੇ ਖਾਤਮੇ ਦਾ ਮੁੱਢ ਬੰਨ੍ਹਿਆ। ਭਾਵੇਂ ਇਸ ਤੋਂ ਪਹਿਲਾਂ ਵੀ ਸ਼ੇਰ ਸ਼ਾਹ ਸੂਰੀ, ਮਹਾਰਾਣਾ ਪ੍ਰਤਾਪ ਅਤੇ ਛਤਰਪਤੀ ਸ਼ਿਵਾ ਜੀ ਮਰਹੱਟਾ ਵੀ ਮੁਗਲਾਂ ਵਿਰੁੱਧ ਜੂਝਦੇ ਰਹੇ ਸਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਦੇਣ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਏਸੇ ਪਾਵਨ ਤੇ ਇਤਿਹਾਸਕ ਧਰਤੀ ਤੋਂ ਸ਼ਕਤੀ ਹਾਸਲ ਕਰਕੇ ਖਾਲਸਾ ਪੰਥ ਨੇ ਧਰਮ ਦੀ ਆਜ਼ਾਦੀ, ਜ਼ੁਲਮੀ ਰਾਜ ਨੂੰ ਖਤਮ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ ਵਿਸ਼ਾਲ ਸਮਾਗਮ ਦੇ ਰੂਪ ਵਿੱਚ ਮਨਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਮੁਲਕ ਦਾ ਬਹੁ-ਭਾਂਤੀ ਸੱਭਿਆਚਾਰ ਤੇ ਸਰੂਪ ਹੋਰ ਵੀ ਮਜ਼ਬੂਤ ਹੋਵੇਗਾ।
ਭਾਰਤ ਨੂੰ ਬਹੁ-ਸੱਭਿਆਚਾਰੀ ਸਹਿਹੋਂਦ ਵਾਲਾ ਮੁਲਕ ਕਰਾਰ ਦਿੰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੁਸਲਮਾਨਾਂ ਦੇ ਸਾਰੇ ਦੇ ਸਾਰੇ 72 ਫਿਰਕੇ ਸਿਰਫ ਤੇ ਸਿਰਫ ਹਿੰਦੁਸਤਾਨ ਵਿੱਚ ਹੀ ਪੂਰੀ ਆਨ-ਇੱਜ਼ਤ ਨਾਲ ਵਸ ਰਹੇ ਹਨ। ਉਨ੍ਹਾਂ ਕਿਹਾ ਕਿ ਈਸਾਈ ਧਰਮ ਦੀ ਪਹਿਲੀ ਚਰਚ ਦਾ ਨਿਰਮਾਣ ਭਾਰਤ ਦੀ ਧਰਤੀ 'ਤੇ ਕੇਰਲ ਸੂਬੇ ਵਿੱਚ ਹੋਇਆ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਬਹੁਤ ਬੁਰੇ ਹਾਲਾਤ ਵਿੱਚੋਂ ਗੁਜ਼ਰਨ ਸਮੇਂ ਪਾਰਸੀਆਂ ਅਤੇ ਯਹੂਦੀਆਂ ਨੂੰ ਪਨਾਹ ਤੇ ਇੱਜ਼ਤ ਸਿਰਫ ਹਿੰਦੁਸਤਾਨ ਦੇ ਲੋਕਾਂ ਨੇ ਹੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਂਝੀਵਾਲਤਾ ਦਾ ਪ੍ਰਤੀਕ ਭਾਰਤ ਦਾ ਇਹ ਸੱਭਿਆਚਾਰ ਸਿਰਫ ਤੇ ਸਿਰਫ ਸਿੱਖ ਗੁਰੂ ਸਾਹਿਬਾਨ ਵੱਲੋਂ ਪ੍ਰੇਮ-ਪਿਆਰ ਅਤੇ ਭਾਈਚਾਰਕ ਸਾਂਝ ਦੇ ਦਿੱਤੇ ਗਏਮਾਨਵੀ ਸੰਦੇਸ਼ ਸਦਕਾ ਹੀ ਵਿਕਸਤ ਹੋਇਆ ਹੈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੱਰਾ ਖੈਬਰ ਨੂੰ ਮੋਂਦਾ ਲਾ ਕੇ ਜਿੱਥੇ ਦੇਸ਼ ਦੀ ਸੁਰੱਖਿਆ ਨੂੰ ਪੱਕੇ ਪੈਰੀਂ ਕੀਤਾ, ਉਥੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਮੁਲਕ ਦੇ ਪ੍ਰਸਿੱਧ ਮੰਦਰਾਂ ਨੂੰ ਸੋਨਾ ਦਾਨ ਦੇ ਕੇ ਖਾਲਸਾ ਰਾਜ ਨੂੰ ਸਹੀ ਮਾਅਨਿਆਂ ਵਿੱਚ ਧਰਮ ਨਿਰਪੱਖ ਰਾਜ ਹੋਣ ਦਾ ਸਬੂਤ ਦਿੱਤਾ।
ਗ੍ਰਹਿ ਮੰਤਰੀ ਨੇ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਤਰਫੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਬਹੁਤ ਉਤਾਵਲੇ ਸਨ ਪਰ ਤਨਜ਼ਾਨੀਆ ਦੇ ਰਾਸ਼ਟਰਪਤੀ ਦੀ ਰਾਜਧਾਨੀ ਵਿੱਚ ਆਮਦ ਕਾਰਨ ਉਨ੍ਹਾਂ ਨੇ ਨਾ ਆਉਣ ਦੀ ਸਮੁੱਚੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਹੈ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਚੇਤਨਾ, ਗਿਆਨ ਅਤੇ ਸ਼ਕਤੀ ਦੇ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਦੀ ਦੇਣ ਪੂਰਾ ਹਿੰਦੁਸਤਾਨ ਨਹੀਂ ਦੇ ਸਕਦਾ ਕਿਉਂਕਿ ਇਸੇ ਧਰਤੀ ਨੇ ਧਰਮ ਦੀ ਆਜ਼ਾਦੀ ਬਰਕਰਾਰ ਰੱਖਣ ਅਤੇ ਜ਼ੁਲਮ ਦੇ ਨਾਸ਼ ਲਈ ਨਾ ਸਿਰਫ ਸੇਧ ਦਿੱਤੀ ਸਗੋਂ ਮਹਾਨ ਕੁਰਬਾਨੀਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸੀਸ ਦਾ ਬਲੀਦਾਨ ਦੇਣ ਲਈ ਇਸੇ ਧਰਤੀ ਤੋਂ ਹੀ ਰਵਾਨਾ ਹੋਏ ਸਨ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਪਣੇ ਇਤਿਹਾਸ ਤੋਂ ਪ੍ਰੇਰਨਾ ਤੇ ਸੇਧ ਲੈਣ ਵਾਲੀਆਂ ਕੌਮਾਂ ਤੇ ਮੁਲਕ ਹੀ ਤਰੱਕੀ ਕਰਦੇ ਹਨ। ਗੁਰਬਾਣੀ ਵਿੱਚੋਂ ''ਬਲੁ ਹੋਆ ਬੰਧਨ ਛੁਟੇ' ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰੀਰਕ ਤੇ ਰੂਹਾਨੀ ਸ਼ਕਤੀ ਤੋਂ ਬਿਨਾਂ ਨਾ ਤਾਂ ਕੋਈ ਮਨੁੱਖ ਆਪਣਾ ਕਲਿਆਣ ਕਰ ਸਕਦਾ ਹੈ ਅਤੇ ਨਾ ਹੀ ਸਮਾਜ ਤੇ ਮੁਲਕ ਦਾ।
ਛੱਤੀਸਗੜ੍ਹ ਦੇ ਰਾਜਪਾਲ ਸ੍ਰੀ ਬਲਰਾਮ ਜੀ ਦਾਸ ਟੰਡਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਖਾਲਸਾ ਪੰਥ ਦੀ ਸਾਜਨਾ ਦੇ ਮਹਾਨ ਕੌਤਕ ਦੀ ਗਵਾਹ ਹੈ ਜਿਸ ਨੇ ਪੂਰੇ ਮੁਲਕ ਦੀ ਤਕਦੀਰ ਬਦਲ ਕੇ ਰੱਖ ਦਿੱਤੀ।
ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੇ ਬਹੁਤ ਹੀ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਹਿੰਦੂ ਧਰਮ ਦੀ ਹੋਂਦ ਸਿਰਫ ਤੇ ਸਿਰਫ ਸਿੱਖਾਂ ਵੱਲੋਂ ਕੀਤੀਆਂ ਲਾਮਿਸਾਲ ਕੁਰਬਾਨੀਆਂ ਸਦਕਾ ਹੀ ਕਾਇਮ ਰਹਿ ਸਕੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜੀਵਨ ਵਿੱਚ ਸੇਵਾ, ਤਿਆਗ ਅਤੇ ਕੁਰਬਾਨੀ ਦਾ ਸੰਕਲਪ ਸਿੱਖ ਗੁਰਦੁਆਰਾ ਸਾਹਿਬਾਨ ਵਿੱਚੋਂ ਹੀ ਉਪਜਿਆ ਅਤੇ ਵਿਕਸਤ ਹੋਇਆ ਹੈ।
ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਲੋਕ ਸਭਾ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਸ.ਬਲਵਿੰਦਰ ਸਿੰਘ ਭੂੰਦੜ, ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ,ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਤਰਲੋਚਨ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਧਾਰਮਿਕ ਸਟੇਜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਮੁਸਲਿਮ ਧਾਰਮਿਕ ਆਗੂ ਹਜ਼ਰਤ ਕਲੀਮੂਦੀਨ, ਬੁੱਧ ਧਰਮ ਦੇ ਆਗੂ ਬੋਧ ਮੁਨੀ ਅਚਾਰੀਆ ਰਾਹੁਲ ਬੋਧੀ ਅਤੇਬਿਸ਼ਪ ਡਾ.ਫੈਲੋ ਮੁਲਕਿਨ ਨੇ ਵੀ ਸੰਬੋਧਨ ਕੀਤਾ।ਇਨ੍ਹਾਂ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਜੋਤਇੰਦਰ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੀ ਮੰਚ 'ਤੇ ਸੁਸ਼ੋਭਿਤ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ,ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ, ਪੰਜਾਬ ਦੇ ਕੈਬਨਿਟ ਮੰਤਰੀ ਡਾ.ਦਲਜੀਤਸਿੰਘ ਚੀਮਾ, ਜਥੇਦਾਰ ਤੋਤਾ ਸਿੰਘ, ਸ.ਜਨਮੇਜਾ ਸਿੰਘ ਸੇਖੋਂ, ਸ.ਸੁਰਜੀਤ ਸਿੰਘ ਰੱਖੜਾ, ਸ.ਗੁਲਜ਼ਾਰ ਸਿੰਘ ਰਣੀਕੇ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੋਂਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ,ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਨੇ ਇਨ੍ਹਾਂ ਸ਼ਖਸੀਅਤਾਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ।
No comments:
Post a Comment