- ਜਾਗਰੂਕਤਾ ਦੇ ਨਾਲ-ਨਾਲ ਨਿੱਜੀ ਯੋਗਦਾਨ ਪਾਉਂਦਿਆਂ ਜਨਤਾ ਨੂੰ 'ਸਮਰਪਣ' ਨਾਲ ਜੁੜਨ ਦਾ ਦਿੱਤਾ ਸੰਦੇਸ਼
- ਵੱਖ-ਵੱਖ ਮੀਡੀਆ ਹਾਊਸ ਦੇ ਨੁਮਾਇੰਦਿਆਂ ਨੇ 365 ਰੁਪਏ ਦੀਆਂ 7 ਪਰਚੀਆਂ ਕਟਵਾ ਕੇ ਦਿੱਤਾ ਸਹਿਯੋਗ
ਹੁਸ਼ਿਆਰਪੁਰ, 5 ਜਨਵਰੀ : ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ੁਰੂ ਕੀਤੇ ਗਏ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ। ਇਸ ਪ੍ਰੋਜੈਕਟ ਲਈ ਜਿਥੇ ਵੱਖ-ਵੱਖ ਦਾਨੀ ਸੱਜਣਾਂ ਵਲੋਂ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਹੁਣ ਹੁਸ਼ਿਆਰਪੁਰ ਦਾ ਮੀਡੀਆ 'ਸਮਰਪਣ' ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਨਿੱਜੀ ਤੌਰ 'ਤੇ ਯੋਗਦਾਨ ਪਾਉਣ ਲਈ ਇਸ ਪ੍ਰੋਜੈਕਟ ਨਾਲ ਜੁੜ ਚੁੱਕਾ ਹੈ। ਅੱਜ ਵੱਖ-ਵੱਖ ਮੀਡੀਆ ਹਾਊਸ ਦੇ ਨੁਮਾਇੰਦਿਆਂ ਨੇ ਯੋਗਦਾਨ ਪਾ ਕੇ ਆਮ ਜਨਤਾ ਨੂੰ 'ਸਮਰਪਣ' ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ 'ਸਮਰਪਣ' ਪ੍ਰੋਜੈਕਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਭਾਰੀ ਗਿਣਤੀ ਵਿੱਚ 'ਸਮਰਪਣ' ਨਾਲ ਦਾਨੀ ਸੱਜਣਾਂ ਦਾ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਮੀਡੀਆ ਵਲੋਂ ਜਿਥੇ ਇਸ ਪ੍ਰੋਜੈਕਟ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਹੁਣ ਨਿੱਜੀ ਤੌਰ 'ਤੇ ਯੋਗਦਾਨ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ ਸਾਢੇ 7 ਹਜ਼ਾਰ ਤੋਂ ਵੱਧ ਦਾਨੀ-ਸੱਜਣ ਸਮਰਪਣ ਦੇ ਮੈਂਬਰ ਬਣ ਚੁੱਕੇ ਹਨ ਅਤੇ ਇਨ੍ਹਾਂ ਦੇ ਯੋਗਦਾਨ ਸਦਕਾ ਲੱਖਾਂ ਰੁਪਏ ਦਾ ਫੰਡ ਵੀ ਇਕੱਤਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੁੱਧੀਜੀਵੀ ਵਿਅਕਤੀਆਂ ਨਾਲ ਕੀਤੇ ਵਿਚਾਰ-ਵਟਾਂਦਰੇ ਉਪਰੰਤ ਸਮਰਪਣ ਸਕੀਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸਰਕਾਰੀ ਸਕੂਲਾਂ ਨੂੰ ਇਕ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਕੱਤਰ ਸਿੱਖਿਆ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ।
ਉਧਰ ਅੱਜ ਪੱਤਰਕਾਰ ਸ੍ਰੀ ਇਕਬਾਲ ਸਿੰਘ ਘੁੰਮਣ ਨੇ ਆਪਣੇ ਅਤੇ ਆਪਣੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਸਮੇਤ ਬੇਟੀ ਡਾ. ਸੰਦੀਪ ਕੌਰ ਅਤੇ ਬੇਟੇ ਸ੍ਰੀ ਦਿਲਪ੍ਰੀਤ ਸਿੰਘ ਘੁੰਮਣ ਦੇ ਨਾਂ 'ਤੇ ਚਾਰ ਪਰਚੀਆਂ ਕਟਵਾਈਆਂ। ਇਨ੍ਹਾਂ ਤੋਂ ਇਲਾਵਾ ਪੱਤਰਕਾਰ ਸ੍ਰੀ ਉਦੈ ਭਾਸਕਰ, ਪੱਤਰਕਾਰ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ ਅਤੇ ਪੱਤਰਕਾਰ ਸ੍ਰੀ ਕੁਲਦੀਪ ਵੀ 365 ਰੁਪਏ ਦੀ ਪਰਚੀ ਕਟਵਾ ਕੇ 'ਸਮਰਪਣ' ਦੇ ਮੈਂਬਰ ਬਣੇ। ਉਕਤ ਨੇ ਸਮਰਪਣ ਤਹਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਧੀਰਜ ਵਸ਼ਿਸ਼ਟ ਪਾਸੋਂ 7 ਪਰਚੀਆਂ ਕਟਵਾਈਆਂ, ਜਦਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਸ੍ਰੀ ਜਸਵਿੰਦਰ ਕੁਮਾਰ ਵਲੋਂ ਵੀ ਪਰਚੀ ਕਟਵਾ ਕੇ ਯੋਗਦਾਨ ਪਾਇਆ ਗਿਆ। ਇਸ ਮੌਕੇ ਸ੍ਰੀ ਧੀਰਜ ਵਸ਼ਿਸ਼ਟ ਨੇ ਸਮਰਪਣ ਮੈਂਬਰ ਬਣਨ 'ਤੇ ਉਕਤ ਦਾਨੀ ਸੱਜਣਾਂ ਨੂੰ ਵਾਹਨਾਂ 'ਤੇ ਲਗਾਉਣ ਲਈ ਸਮਰਪਣ ਸਟਿੱਕਰ ਵੀ ਸੌਂਪੇ।
No comments:
Post a Comment