- ਡਿਪਟੀ ਕਮਿਸ਼ਨਰ ਨੇ ਐਚ.ਡੀ.ਐਫ.ਸੀ. ਬੈਂਕ ਵਲੋਂ ਡਿਜੀਧਨ ਪ੍ਰਚਾਰ ਵੈਨ ਨੂੰ ਕੀਤਾ ਰਵਾਨਾ
ਹੁਸ਼ਿਆਰਪੁਰ, 18 ਜਨਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕੈਸ਼ਲੈਸ ਨੂੰ ਬੜਾਵਾ ਦੇਣ ਦੇ ਨਾਲ-ਨਾਲ ਬੈਂਕਾਂ ਪ੍ਰਧਾਨ ਮੰਤਰੀ ਅਟੱਲ ਪੈਨਸ਼ਨ ਯੋਜਨਾ, ਬੀਮਾ ਯੋਜਨਾ ਅਤੇ ਜੀਵਨ ਜਿਓਤੀ ਬੀਮਾ ਯੋਜਨਾ ਸਬੰਧੀ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਗਰੂਕ ਕਰਨ, ਤਾਂ ਜੋ ਇਨ੍ਹਾਂ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੱਕ ਪਹੁੰਚ ਸਕੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਚ.ਡੀ.ਐਫ.ਸੀ. ਵਲੋਂ ਸ਼ੁਰੂ ਕੀਤੀ ਗਈ ਡਿਜੀਧਨ ਪ੍ਰਚਾਰ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰ ਰਹੇ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿੱਚ ਕੈਸ਼ਲੈਸ ਆਰਥਿਕਤਾ ਪ੍ਰਤੀ ਪਿੰਡਾਂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਉਪਰਾਲੇ ਸਾਰੀਆਂ ਬੈਂਕਾਂ ਨੂੰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਿਹਾਤੀ ਇਲਾਕਿਆਂ ਵਿੱਚ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਡੈਬਿਟ ਕਾਰਡ ਦੀ ਵਰਤੋਂ ਕਰਕੇ ਅਦਾਇਗੀ ਸਮੇਤ ਬਿਜਲੀ ਬਿੱਲਾਂ ਅਤੇ ਹੋਰ ਜਨਤਕ ਸੇਵਾਵਾਂ ਦਾ ਭੁਗਤਾਨ ਕਰਨਾ ਨਹੀਂ ਆਉਂਦਾ। ਜੇਕਰ ਬੈਂਕਾਂ ਅਜਿਹੇ ਜਾਗਰੂਕਤਾ ਅਭਿਆਨ ਚਲਾਉਣ, ਤਾਂ ਇਸ ਨਾਲ ਲੋਕਾਂ ਨੁੰ ਡਿਜੀਟਲ ਅਦਾਇਗੀ ਪ੍ਰਤੀ ਜਾਣਕਾਰੀ ਹੋਣ ਦੇ ਨਾਲ-ਨਾਲ ਇਸ ਦੀ ਸੁਰੱਖਿਅਤ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ ਜਾ ਸਕਦਾ ਹੈ।
ਸ੍ਰੀ ਵਿਪੁਲ ਉਜਵਲ ਨੇ ਐਚ.ਡੀ.ਐਫ.ਸੀ. ਵਲੋਂ ਸ਼ੁਰੂ ਕੀਤੀ ਗਈ ਡਿਜੀਧਨ ਯਾਤਰਾ ਜਾਗਰੂਕਤਾ ਪ੍ਰਚਾਰ ਵੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਚਾਰ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਡਿਜੀਟਲ ਇੰਡੀਆ ਸਬੰਧੀ ਜਾਣਕਾਰੀ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਵਲੋਂ ਖਾਤੇ ਖੁਲਵਾਉਣ, ਏ.ਟੀ.ਐਮ ਦੀ ਵਰਤੋਂ, ਡਿਜੀਟਲ ਮੋਡ ਰਾਹੀਂ ਐਪ ਦੁਆਰਾ ਇਕ ਖਾਤੇ ਤੋਂ ਦੂਜੇ ਖਾਤੇ ਵਿੱਚ ਕੈਸ਼ਲੈਸ ਟਰਾਂਸਫਰ, ਇੰਟਰਨੈਟ ਰਾਹੀਂ ਲੈਣ-ਦੇਣ ਅਤੇ ਹੋਰ ਕੈਸ਼ਲੈਸ ਨੂੰ ਬੜ੍ਹਾਵਾ ਦੇਣ ਲਈ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਬੈਂਕ ਅਧਿਕਾਰੀਆਂ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ 'ਤੇ ਪੀ.ਸੀ.ਐਸ. ਅਧਿਕਾਰੀ (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਬੈਂਕ ਦੇ ਕਲੱਸਟਰ ਹੈਡ ਕਪਿਤ ਤਰੇਹਨ, ਜਤਿੰਦਰ ਨਾਰੰਗ, ਬਰਾਂਚ ਮੈਨੇਜਰ ਵਿਸ਼ਾਲ ਸ਼ਰਮਾ, ਰਿਤੀਰਾਜ ਗੌਰ, ਰਿਜੀਨਲ ਮਾਰਕਿਟਿੰਗ ਮੈਨੇਜਰ ਰੋਹਿਤ ਗਰਗ ਤੋਂ ਇਲਾਵਾ ਬੈਂਕ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
No comments:
Post a Comment