- ਗਰਭਵਤੀ ਮਹਿਲਾਵਾਂ ਦੀ ਦੇਖ-ਭਾਲ ਅਤੇ ਪੌਸ਼ਟਿਕ ਅਹਾਰ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਹੈ ਇਹ ਯੋਜਨਾ
- ਵਧੇਰੇ ਜਾਣਕਾਰੀ ਲਈ ਆਂਗਣਵਾੜੀ ਵਰਕਰ, ਸੁਪਰਵਾਈਜ਼ਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਾਲ ਕੀਤਾ ਜਾ ਸਕਦਾ ਹੈ ਸੰਪਰਕ
ਹੁਸ਼ਿਆਰਪੁਰ, 29 ਦਸੰਬਰ: ਇਸਤਰੀ ਤੇ ਬਾਲ ਵਿਕਾਸ ਮੰਤਰਾਲਿਆ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀ.ਐਮ.ਐਮ.ਵੀ.ਵਾਈ) ਰਾਹੀਂ ਪਹਿਲੀ ਵਾਰ ਗਰਭਵਤੀ ਮਹਿਲਾਵਾਂ ਨੂੰ 5000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ, ਤਾਂ ਕਿ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਪੌਸ਼ਟਿਕ ਖੁਰਾਕ ਵੀ ਮਿਲ ਸਕੇ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਯੋਜਨਾ ਨੂੰ ਨੈਸ਼ਨਲ ਫੂਡ ਸਕਿਉਰਟੀ ਐਕਟ-2013 ਤਹਿਤ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਅਹਾਰ ਉਪਲਬੱਧ ਕਰਵਾਉਣ ਲਈ ਅਤਿ ਜ਼ਰੂਰੀ ਕਰਾਰ ਦਿੱਤਾ ਗਿਆ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਕੀਮ ਨੂੰ ਸਮੂਹ ਭਾਰਤ ਵਿੱਚ ਲਾਗੂ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਤਹਿਤ ਪਹਿਲੀ ਵਾਰ ਲਾਭਪਾਤਰੀ ਗਰਭਵਤੀ ਮਹਿਲਾਵਾਂ ਨੂੰ 5 ਹਜ਼ਾਰ ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 1000 ਰੁਪਏ ਦੀ ਪਹਿਲੀ ਕਿਸ਼ਤ ਦੀ ਰਾਸ਼ੀ ਗਰਭਵਤੀ ਮਹਿਲਾ ਵਲੋਂ ਆਂਗਣਵਾੜੀ ਵਰਕਰ ਕੋਲ ਰਜਿਸਟਰੇਸ਼ਨ ਅਤੇ ਜੱਚਾ-ਬੱਚਾ ਕਾਰਡ ਬਣਾਉਣ ਸਮੇਂ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦੂਜੀ ਕਿਸ਼ਤ ਦੀ ਰਾਸ਼ੀ 6 ਮਹੀਨੇ ਦੀ ਗਰਭ ਅਵਸਥਾ ਦੌਰਾਨ ਡਾਕਟਰੀ ਜਾਂਚ ਤੋਂ ਬਾਅਦ 2 ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਦੀ 2 ਹਜ਼ਾਰ ਰੁਪਏ ਦੀ ਰਾਸ਼ੀ ਡਲੀਵਰੀ ਤੋਂ ਬਾਅਦ ਬੱਚੇ ਦੇ ਟੀਕਾਕਰਨ ਪੂਰਾ ਕਰਾਉਣ ਅਤੇ ਸਿਹਤ ਤੇ ਪੌਸ਼ਟਿਕ ਕਮੇਟੀ ਦੇ ਸੈਸ਼ਨ ਅਟੈਂਡ ਕਰਨ ਤੋਂ ਬਾਅਦ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕਿਸ਼ਤਾਂ ਵਾਸਤੇ ਗਰਭਵਤੀ ਮਹਿਲਾ ਵਲੋਂ ਵੱਖ-ਵੱਖ 'ਤੇ ਨਿਯਮਤ ਫਾਰਮ ਵੀ ਭਰਨੇ ਹੋਣਗੇ ਅਤੇ ਸਕੀਮ ਦੁਆਰਾ ਨਿਰਧਾਰਤ ਸ਼ਰਤਾਂ ਦੀ ਪਾਲਣਾ ਵੀ ਕਰਨੀ ਪਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਕੇਂਦਰ, ਰਾਜ ਦੇ ਕਰਮਚਾਰੀ ਅਤੇ ਅਰਧ ਸਰਕਾਰੀ ਖੇਤਰ ਵਿੱਚ ਕੰਮ ਕਰਦੀਆਂ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈਣ ਦੇ ਹੱਕਦਾਰ ਨਹੀਂ ਹੁੰਦੀਆਂ, ਕਿਉਂਕਿ ਉਨ੍ਹਾਂ ਨੂੰ ਤਨਖਾਹ ਸਮੇਤ ਮਾਤਰਤੱਵ ਛੁੱਟੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਗਰਭਵਤੀ ਮਾਵਾਂ ਪਹਿਲਾਂ ਇਸ ਤਰ੍ਹਾਂ ਦੀਆਂ ਸਮਾਨ ਯੋਜਨਾਵਾਂ ਦਾ ਲਾਭ ਲੈ ਰਹੀਆਂ ਹੋਣ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ 1 ਜਨਵਰੀ 2017 ਤੋਂ ਬਾਅਦ ਲਾਭਪਾਤਰੀ ਗਰਭਵਤੀ ਮਹਿਲਾਵਾਂ ਇਹ ਲਾਭ ਲੈਣ ਲਈ ਹੱਕਦਾਰ ਹੋਣਗੀਆਂ ਅਤੇ ਇਹ ਲਾਭ ਪਹਿਲੇ ਦੋ ਬੱਚਿਆਂ ਅਤੇ 19 ਸਾਲ ਤੋਂ ਉਪਰ ਗਰਭਵਤੀ ਮਹਿਲਾਵਾਂ ਨੂੰ ਹੀ ਦਿੱਤਾ ਜਾ ਸਕਦਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਲਈ ਵਧੇਰੇ ਜਾਣਕਾਰੀ ਲਈ ਆਂਗਣਵਾੜੀ ਵਰਕਰ, ਸੁਪਰਵਾਈਜ਼ਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਕੀਮ ਬਾਰੇ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬ ਸਾਈਟ PMMVY.COM 'ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
No comments:
Post a Comment