- ਬੇਟੇ ਸੌਰਵ ਆਦੀਆ ਦੇ ਨਾਂ 'ਤੇ ਯੋਗਦਾਨ ਪਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ, 5 ਦਸੰਬਰ:ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੇ ਗਏ 'ਸਮਰਪਣ' ਪ੍ਰੋਜੈਕਟ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਜਿਥੇ ਦਾਨੀ ਸੱਜਣ ਇਸ ਸਕੀਮ ਨਾਲ ਜੁੜ ਰਹੇ ਹਨ, ਉਥੇ ਹਲਕਾ ਵਿਧਾਇਕ ਸ਼ਾਮ ਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ ਵੀ 'ਸਮਰਪਣ' ਦੇ ਮੈਂਬਰ ਬਣ ਗਏ ਹਨ। ਉਨ੍ਹਾਂ ਨੇ ਆਪਣੇ ਬੇਟੇ ਸੌਰਵ ਆਦੀਆ ਦੇ ਜਨਮ ਦਿਨ 'ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਧੀਰਜ ਵਸ਼ਿਸ਼ਟ ਤੋਂ ਪਰਚੀ ਕਟਵਾਉਂਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਥੇ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ੁਰੂ ਕੀਤੀ 'ਸਮਰਪਣ' ਸਕੀਮ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਲਈ ਸਹਾਈ ਸਾਬਤ ਹੋਵੇਗੀ।
ਸ੍ਰੀ ਪਵਨ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਤਹਿਤ ਹੀ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਯੋਗ ਬਣਾਇਆ ਜਾ ਰਿਹਾ ਹੈ, ਤਾਂ ਜੋ ਉਹ ਕੋਈ ਵੀ ਮੰਜਿਲ ਸਰ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 'ਸਮਰਪਣ' ਦੀ ਕੀਤੀ ਸ਼ੁਰੂਆਤ ਨਾਲ ਪੰਜਾਬ ਵਿੱਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਉਨ੍ਹਾਂ 'ਸਮਰਪਣ' ਦਾ ਮੈਂਬਰ ਬਣਦੇ ਹੋਏ ਆਪਣੀ ਕਾਰ 'ਤੇ ਸਮਰਪਣ ਦਾ ਸਟਿੱਕਰ ਵੀ ਲਗਾਇਆ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾ ਵਲੋਂ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਾਇਆ ਯੋਗਦਾਨ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਸਹਾਈ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 'ਸਮਰਪਣ' ਲਈ ਸਮਰਪਣ ਭਾਵਨਾ ਨਾਲ ਰੋਜਾਨਾ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾਨ ਦਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 'ਸਮਰਪਣ' ਨਾਲ ਜੁੜਨ ਲਈ ਵੱਧ ਤੋਂ ਵੱਧ ਦਾਨੀ ਸੱਜਣ ਅੱਗੇ ਆਉਣ, ਤਾਂ ਜੋ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ 365 ਰੁਪਏ ਦੀ ਪਰਚੀ ਕਟਵਾਉਣ ਵਾਲੇ ਦਾਨੀ ਸੱਜਣ ਨੂੰ 'ਸਮਰਪਣ' ਵਲੋਂ ਉਸ ਦੇ ਵਿਸ਼ੇਸ਼ ਦਿਨ 'ਤੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 'ਸਮਰਪਣ' ਸਕੀਮ ਤਹਿਤ ਇਕ ਸਟਿੱਕਰ ਵੀ ਦਾਨੀ ਸੱਜਣ ਨੂੰ ਸੌਂਪਿਆ ਜਾਵੇਗਾ, ਜੋ ਦਾਨੀ ਸੱਜਣ ਆਪਣੇ ਵਾਹਨ 'ਤੇ ਲਗਾ ਸਕੇਗਾ ਅਤੇ ਇਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਦਾ ਮੈਂਬਰ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਜਨ ਮੁਹਿੰਮ ਬਣਾਉਣ ਲਈ ਇਕਜੁੱਟਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕਜੁੱਟਤਾ ਨਾਲ ਇਸ ਮੁਹਿੰਮ ਨੂੰ ਉਚਾਈਆਂ 'ਤੇ ਲਿਜਾ ਕੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਦਾਨੀ ਸੱਜਣ ਆਪਣੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਪਰਿਵਾਰਕ ਦਿਨ 'ਤੇ ਹਰ ਸਾਲ 365 ਰੁਪਏ ਦੀ ਪਰਚੀ 'ਸਮਰਪਣ' ਲਈ ਕਟਵਾ ਕੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤੀ ਪ੍ਰਦਾਨ ਕਰ ਸਕਦੇ ਹਨ।
No comments:
Post a Comment