- 'ਸਮਰਪਣ' ਪ੍ਰੋਜੈਕਟ ਨੂੰ ਵੀ ਅੱਗੇ ਲਿਜਾਣ ਦੀ ਕੀਤੀ ਅਪੀਲ
- ਡਿਪਟੀ ਕਮਿਸ਼ਨਰ ਨੇ ਪੱਤਰਕਾਰ ਮਿਲਣੀ 'ਚ ਮੀਡੀਆ ਦੇ ਸਹਿਯੋਗ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ, 6 ਦਸੰਬਰ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਪੱਤਰਕਾਰ ਮਿਲਣੀ ਦੌਰਾਨ ਜਿਥੇ ਪੱਤਰਕਾਰ ਭਾਈਚਾਰੇ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ, ਉਥੇ ਉਨ੍ਹਾਂ ਕਿਹਾ ਕਿ ਮੀਡੀਆ ਸਦਕਾ ਹੀ ਹੁਸ਼ਿਆਰਪੁਰ ਜ਼ਿਲ੍ਹੇ ਦਾ 'ਸਾਂਝੀ ਰਸੋਈ' ਪ੍ਰੋਜੈਕਟ ਸਫ਼ਲ ਹੋ ਸਕਿਆ ਹੈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸ਼ਰ ਸ੍ਰੀ ਹਾਕਮ ਥਾਪਰ, ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਅਰੁਣ ਚੌਧਰੀ ਤੋਂ ਇਲਾਵਾ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਇੰਚਾਰਜ, ਸਟਾਫ਼ ਰਿਪੋਰਟਰ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ। ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ ਗਈ 'ਸਾਂਝੀ ਰਸੋਈ' ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੇਵਲ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਅਜਿਹਾ ਮੀਡੀਆ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਬਦੌਲਤ ਹੀ ਇਹ ਪ੍ਰੋਜੈਕਟ ਪੰਜਾਬ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਨਤਾ ਤੱਕ ਪੰਹੁਚਾਉਣ ਲਈ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਸਾਂਝੀ ਰਸੋਈ' ਪ੍ਰੋਜੈਕਟ ਦੀ ਸਫ਼ਲਤਾ ਤੋਂ ਬਾਅਦ ਹੁਸ਼ਿਆਰਪੁਰ ਦਾ ਮੀਡੀਆ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨੂੰ ਵੀ ਅੱਗੇ ਤੱਕ ਲਿਜਾਣ ਲਈ ਸਹਿਯੋਗ ਕਰੇ, ਤਾਂ ਜੋ ਵੱਧ ਤੋਂ ਵੱਧ ਦਾਨੀ ਸੱਜਣ ਜਾਗਰੂਕ ਹੋ ਕੇ ਇਸ ਸਕੀਮ ਲਈ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ 'ਸਮਰਪਣ' ਪ੍ਰੋਜੈਕਟ ਜ਼ਰੀਏ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਸਕੂਲਾਂ ਵਿੱਚ ਇਕ ਅਜਿਹਾ ਵਾਤਾਵਰਣ ਕਾਇਮ ਕੀਤਾ ਜਾਵੇਗਾ ਕਿ ਬੱਚੇ ਪੂਰੀ ਰੁਚੀ ਨਾਲ ਪੜ੍ਹ ਸਕਣ। ਉਨ੍ਹਾਂ ਕਿਹਾ ਕਿ 'ਸਮਰਪਣ' ਤਹਿਤ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦਾ ਪੱਤਰਕਾਰ ਭਾਈਚਾਰਾ 'ਸਮਰਪਣ' ਦਾ ਹਿੱਸਾ ਬਣ ਕੇ ਆਪਣਾ ਨਿੱਜੀ ਯੋਗਦਾਨ ਵੀ ਪਾਵੇ। ਉਨ੍ਹਾਂ ਕਿਹਾ ਕਿ 'ਸਮਰਪਣ' ਤਹਿਤ ਇਕੱਤਰ ਸਹਾਇਤਾ ਫੰਡ ਜ਼ਰੀਏ ਇਕ ਯੋਗ ਪ੍ਰਣਾਲੀ ਰਾਹੀਂ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਰੀਬ 4 ਹਜ਼ਾਰ ਦਾਨੀ ਸੱਜਣ 'ਸਮਰਪਣ' ਦਾ ਮੈਂਬਰ ਬਣ ਚੁੱਕੇ ਹਨ, ਜਦਕਿ ਸਾਲ ਵਿੱਚ ਇਕ ਲੱਖ ਮੈਂਬਰਾਂ ਦਾ ਟੀਚਾ ਮਿਥਿਆ ਗਿਆ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮੀਡੀਆ ਸਮਾਜ ਦਾ ਸ਼ੀਸ਼ਾ ਹੈ ਅਤੇ ਇਸ ਵਲੋਂ ਉਸਾਰੂ ਸੋਚ ਨਾਲ ਕੀਤੀ ਗਈ ਨਾਂਹ ਪੱਖੀ ਕਵਰੇਜ਼ ਸਦਕਾ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਲੋਂ ਦਿੱਤੇ ਸਹਿਯੋਗ ਸਦਕਾ ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰਾ ਪ੍ਰਸ਼ਾਸ਼ਨ ਦੇਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਜ਼ਿਲ੍ਹੇ ਦਾ ਪੱਤਰਕਾਰ ਭਾਈਚਾਰਾ ਪਹਿਲਾਂ ਦੀ ਤਰ੍ਹਾਂ ਅੱਗੇ ਵੀ ਸਹਿਯੋਗ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਨੂੰ ਘਰ-ਘਰ ਪਹੁੰਚਾਉਣ ਲਈ ਵੀ ਮੀਡੀਆ ਦੇ ਸਾਥ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਜ਼ਰੀਏ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਜਾਗਰੂਕਤਾ ਫੈਲਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਸਕੀਮ ਦੀ ਸ਼ੁਰੂਆਤ ਲੋੜਵੰਦਾਂ ਨੂੰ ਘਰ-ਘਰ ਜਾ ਕੇ ਸਹੂਲਤਾਂ ਪ੍ਰਦਾਨ ਕਰਨ ਲਈ ਹੀ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
No comments:
Post a Comment