- ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਇਆ ਜਾ ਰਿਹਾ ਹੈ ਸਟੈਨੋਗ੍ਰਾਫ਼ੀ ਦਾ ਕੋਰਸ : ਡਿਪਟੀ ਕਮਿਸ਼ਨਰ
- ਕਿਹਾ, ਸਟੈਨੋਗ੍ਰਾਫ਼ੀ ਕੋਰਸ 'ਚ ਸ਼ਾਰਟਹੈਂਡ ਅਤੇ ਟਾਈਪਿਸਟ ਦੀ ਦਿੱਤੀ ਜਾ ਰਹੀ ਹੈ ਸਿਖਲਾਈ
- 6 ਮਹੀਨੇ ਦਾ ਉਰਦੂ ਸਿੱਖਣ ਦਾ ਕੋਰਸ ਵੀ ਬਿਲਕੁੱਲ ਮੁਫ਼ਤ
ਹੁਸ਼ਿਆਰਪੁਰ, 18 ਦਸੰਬਰ:ਪੰਜਾਬ ਸਰਕਾਰ ਵਲੋਂ ਜ਼ਿਲ੍ਹਿਆਂ ਵਿੱਚ ਮੁਫ਼ਤ ਸਟੈਨੋਗ੍ਰਾਫ਼ੀ ਦਾ ਕੋਰਸ ਕਰਵਾ ਕੇ ਨੌਜਵਾਨਾਂ ਦਾ ਸੁਨਹਿਰਾ ਭਵਿੱਖ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਹ ਕੋਰਸ ਜਿਥੇ ਜਨਰਲ ਵਰਗ ਅਤੇ ਐਸ.ਸੀ. ਵਰਗ ਲਈ ਬਿਲਕੁੱਲ ਮੁਫ਼ਤ ਹੈ, ਉਥੇ ਐਸ.ਸੀ. ਵਰਗ ਦੇ ਸਿਖਿਆਰਥੀਆਂ ਨੂੰ ਵਜੀਫ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਰਾਹੀਂ ਕਰਵਾਏ ਜਾ ਰਹੇ ਇਸ ਕੋਰਸ ਨਾਲ ਸਿਖਿਆਰਥੀ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੋਰਨਾਂ ਜ਼ਿਲ੍ਹਿਆਂ ਦੀ ਤਰ੍ਹਾਂ ਹੁਸ਼ਿਆਰਪੁਰ ਵਿਖੇ ਵੀ ਸਟੈਨੋਗ੍ਰਾਫ਼ੀ ਦਾ ਮੁਫ਼ਤ ਕੋਰਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਜ਼ਿਲ੍ਹਾ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਰਾਹੀਂ ਕਰਵਾਇਆ ਜਾਂਦਾ ਹੈ ਅਤੇ ਮੌਜੂਦਾ ਤੌਰ 'ਤੇ 40 ਸਿਖਿਆਰਥੀ ਇਹ ਕੋਰਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਹਰ ਸਾਲ ਕਰੀਬ ਸਤੰਬਰ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਅਤੇ ਕੋਰਸ ਵਿੱਚ ਦਾਖਲਾ ਕੇਵਲ ਪਾਸ ਪ੍ਰਤੀਸ਼ਤ ਦੀ ਮੈਰਿਟ ਦੇ ਆਧਾਰ 'ਤੇ ਹੀ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀਆਂ ਨੂੰ ਵਜੀਫ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਸਾਲ ਦਾ ਕੋਰਸ ਜਿਥੇ 80 ਸ਼ਬਦ ਪ੍ਰਤੀ ਮਿੰਟ ਦੇ ਆਧਾਰ 'ਤੇ ਹੁੰਦਾ ਹੈ, ਉਥੇ ਹਾਈ ਸਪੀਡ ਸ਼੍ਰੇਣੀ ਲਈ ਦੂਸਰੇ ਸਾਲ ਵੀ ਦਾਖਲਾ ਲਿਆ ਜਾ ਸਕਦਾ ਹੈ, ਜੋ 100 ਸ਼ਬਦ ਪ੍ਰਤੀ ਮਿੰਟ ਦੇ ਆਧਾਰ 'ਤੇ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਾਰਟਹੈਂਡ ਇਕ ਸਕਿੱਲ ਹੈ, ਜਿਸ ਵਿੱਚ ਅਭਿਆਸ ਨਾਲ ਨਿਪੁੰਨਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਕਿੱਲ ਹਾਸਲ ਕਰਨ 'ਤੇ ਤੇਜ਼ਗਤੀ ਨਾਲ ਸ਼ਾਰਟ ਹੈਂਡ ਲਿਖਣ ਤੇ ਪੜ੍ਹਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੂਰੀ ਮਿਹਨਤ ਦੇ ਨਾਲ ਸਟੈਨੋਗ੍ਰਾਫੀ ਦਾ ਕੋਰਸ ਕਰਨਾ ਚਾਹੀਦਾ ਹੈ, ਕਿਉਂਕਿ ਇਸ ਕੋਰਸ ਨਾਲ ਸਟੈਨੋ ਟਾਈਪਿਸਟ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਸੀਨੀਅਰ ਸਕੇਲ ਸਟੈਨੋਗ੍ਰਾਫ਼ਰ, ਕਲੈਰੀਕਲ ਤੋਂ ਇਲਾਵਾ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ, ਵਿਧਾਨ ਸਭਾ ਵਿੱਚ ਵੱਖ-ਵੱਖ ਗਜ਼ਟਿਡ ਤੇ ਨਾਨ ਗਜ਼ਟਿਡ ਅਹੁਦਿਆਂ 'ਤੇ ਸ਼ਾਰਟਹੈਂਡ ਦੇ ਮਾਹਿਰ ਵਜੋਂ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਟੈਨੋਗ੍ਰਾਫ਼ੀ ਦਾ ਕੋਰਸ ਕਰਕੇ ਸਰਕਾਰੀ ਸਕੂਲਾਂ ਵਿੱਚ ਸਟੈਨੋਗ੍ਰਾਫ਼ੀ ਦੇ ਟੀਚਰ ਵਜੋਂ ਵੀ ਸੇਵਾਵਾਂ ਨਿਭਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੁਫ਼ਤ ਕਰਵਾਏ ਜਾ ਰਹੇ ਸਟੈਨੋਗ੍ਰਾਫ਼ੀ ਕੋਰਸ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ 6 ਮਹੀਨੇ ਦਾ ਮੁਫ਼ਤ ਉਰਦੂ ਕੋਰਸ ਵੀ ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ।
ਇੰਸਟਰੱਕਟਰ ਸਟੈਨੋਗ੍ਰਾਫ਼ੀ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਸ੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਕੋਲ ਜਨਰਲ ਸ਼੍ਰੇਣੀ ਦੇ 14, ਅਨੁਸੂਚਿਤ ਜਾਤੀ ਨਾਲ ਸਬੰਧਤ 13, ਜਦਕਿ ਦੂਸਰੇ ਸਾਲ ਦੀ ਹਾਈ ਸਪੀਡ ਸ਼੍ਰੇਣੀ ਵਿੱਚ 13 ਸਿਖਿਆਰਥੀ ਸਟੈਨੋਗ੍ਰਾਫ਼ੀ ਦਾ ਕੋਰਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਰਸ ਕਰ ਚੁੱਕੇ ਵਧੇਰੇ ਹੋਣਹਾਰ ਸਿਖਿਆਰਥੀ ਮੌਜੂਦਾ ਤੌਰ 'ਤੇ ਸਿਵਲ ਸਕੱਤਰੇਤ ਚੰਡੀਗੜ੍ਹ, ਸੈਸ਼ਨ ਕੋਰਟਸ, ਡਿਪਟੀ ਕਮਿਸ਼ਨਰ ਦਫ਼ਤਰਾਂ ਅਤੇ ਹੋਰ ਵੱਖ-ਵੱਖ ਵਿਭਾਗਾਂ ਵਿੱਚ ਕਲੈਰੀਕਲ ਪੋਸਟਾਂ 'ਤੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਕੋਰਸ ਵਿੱਚ ਦਾਖਲੇ ਲਈ ਵਿਦਿਅਕ ਯੋਗਤਾ ਜਨਰਲ ਕੈਟਾਗਰੀ ਲਈ ਬਾਹਰਵੀਂ, ਜਦਕਿ ਅਨੁਸੂਚਿਤ ਜਾਤੀ ਲਈ ਬੀ.ਏ. ਹੈ। ਉਨ੍ਹਾਂ ਦੱਸਿਆ ਕਿ ਸਟੈਨੋਗ੍ਰਾਫ਼ੀ ਅਤੇ ਉਰਦੂ ਦਾ ਕੋਰਸ ਕਰਨ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment