- ਆਈ ਵੀ ਹਸਪਤਾਲ ਓਲਡ ਏਜ਼ ਹੋਮ 'ਚ ਰਹਿ ਰਹੇ ਬਜ਼ੁਰਗਾਂ ਨੂੰ ਦੇਵੇਗਾ ਸਿਹਤ ਸਹੂਲਤਾਂ
- ਸਹੂਲਤਾਂ ਦੇਣ ਸਬੰਧੀ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ
ਹੁਸ਼ਿਆਰਪੁਰ, 7 ਦਸੰਬਰ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਓਲਡ ਏਜ਼ ਹੋਮ, ਰਾਮ ਕਲੋਨੀ ਕੈਂਪ ਵਿਖੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਦੇ ਭਵਿੱਖ ਨੂੰ ਸੰਵਾਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਕੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਕ ਮੈਡੀਕਲ ਅਫ਼ਸਰ ਵੀ ਨਿਯੁਕਤ ਕੀਤਾ ਗਿਆ, ਜਿਸ ਵਲੋਂ ਰੋਜ਼ਾਨਾ ਬਜ਼ੁਰਗਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਹੂਲਤਾਂ ਦੇਣ ਤੋਂ ਇਲਾਵਾ ਸਮੇਂ-ਸਮੇਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਜ਼ੁਰਗਾਂ ਨਾਲ ਵਿਸ਼ੇਸ਼ ਦਿਨ ਵੀ ਮਨਾਏ ਜਾਂਦੇ ਹਨ, ਤਾਂ ਜੋ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਇਕ ਪ੍ਰਾਈਵੇਟ ਹਸਪਤਾਲ 'ਆਈ ਵੀ' (9VY) ਵੀ ਓਲਡ ਏਜ਼ ਹੋਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਲਈ ਅੱਗੇ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਲੋਂ ਹਰ ਮਹੀਨੇ ਬਜ਼ੁਰਗਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਂਬੂਲੈਂਸ ਸਹੂਲਤ ਵੀ ਮੁਫ਼ਤ ਦੇਣ ਤੋਂ ਇਲਾਵਾ ਬਜ਼ੁਰਗਾਂ ਲਈ ਇਕ ਮੁਫ਼ਤ ਹੈਲਥ ਚੈਕਅੱਪ ਕੈਂਪ ਵੀ ਰਾਮ ਕਲੋਨੀ ਕੈਂਪ ਵਿਖੇ ਹੀ ਲਗਾਇਆ ਜਾਵੇਗਾ। ਉਨ੍ਹਾਂ ਬਾਕੀ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਓਲਡ ਏਜ਼ ਹੋਮ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਮਦਦ ਲਈ ਅੱਗੇ ਆਉਣ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਬੇਸਹਾਰਾ ਬਜ਼ੁਰਗਾਂ ਅਤੇ ਅਨਾਥ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੇਸਹਾਰਾ ਬਜ਼ੁਰਗਾਂ ਨੂੰ ਇਕ ਪਰਿਵਾਰਕ ਘਰੇਲੂ ਮਾਹੌਲ ਦਿੱਤਾ ਜਾ ਰਿਹਾ ਹੈ ਅਤੇ ਉਹ ਚਿਲਡਰਨ ਹੋਮ ਵਿੱਚ ਰਹਿ ਰਹੇ ਅਨਾਥ ਬੱਚਿਆਂ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਬਜ਼ੁਰਗਾਂ ਲਈ ਓਲਡ ਏਜ਼ ਹੋਮ ਵਿੱਚ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਪਰ ਫ਼ਿਰ ਵੀ ਹਰੇਕ ਵਿਅਕਤੀ ਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਅਜਿਹੀਆਂ ਨੈਤਿਕ ਕਦਰਾਂ ਕੀਮਤਾਂ 'ਤੇ ਚੱਲਣਾ ਸਿਖਾਇਆ ਜਾਵੇ ਕਿ ਭਵਿੱਖ ਵਿੱਚ ਕੋਈ ਵੀ ਆਪਣੇ ਮਾਤਾ-ਪਿਤਾ ਨੂੰ ਬੇਸਹਾਰਾ ਨਾ ਛੱਡੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਜਗਦੀਸ਼ ਮਿਤਰ ਨੇ ਦੱਸਿਆ ਕਿ ਓਲਡ ਏਜ਼ ਹੋਮ ਵਿਖੇ 29 ਬਜ਼ੁਰਗ ਰਹਿ ਰਹੇ ਹਨ ਅਤੇ ਇਨ੍ਹਾਂ ਨੂੰ ਪੌਸ਼ਟਿਕ ਭੋਜਨ ਤੋਂ ਇਲਾਵਾ ਮਨੋਰੰਜਨ ਲਈ ਟੀ.ਵੀ. ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਾਮ ਕਲੋਨੀ ਕੈਂਪ ਵਿਖੇ ਹੀ ਚਿਲਡਰਨ ਹੋਮ ਬਣਿਆ ਹੋਇਆ ਹੈ, ਜਿਸ ਵਿੱਚ 31 ਅਨਾਥ ਬੱਚੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਜ਼ੁਰਗ ਅਤੇ ਬੱਚੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਹੈਡ ਮਾਰਕੀਟਿੰਗ ਆਈ ਵੀ ਹਸਪਤਾਲ ਸ੍ਰੀ ਅਨਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਲੋਂ ਓਲਡ ਏਜ਼ ਹੋਮ ਵਿੱਚ ਬਜ਼ੁਰਗਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੋਮ ਵਿੱਚ ਹੀ ਹਰ ਮਹੀਨੇ ਮੁਫ਼ਤ ਸਿਹਤ ਜਾਂਚ ਤੋਂ ਇਲਾਵਾ ਮੁਫ਼ਤ ਹੈਲਥ ਚੈਕਅੱਪ ਕੈਂਪ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਮੁਫ਼ਤ ਐਂਬੂਲੈਂਸ ਦੀ ਸਹੂਲਤ ਅਤੇ ਹਰੇਕ ਤਰ੍ਹਾਂ ਦੇ ਟੈਸਟ ਅਤੇ ਦਵਾਈਆਂ ਘੱਟ ਤੋਂ ਘੱਟ ਖਰਚੇ 'ਤੇ ਦਿੱਤੀਆਂ ਜਾਣਗੀਆਂ। ਇਸ ਮੌਕੇ ਸ੍ਰੀ ਅਨਿਲ ਸਿੰਘ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੂੰ ਓਲਡ ਏਜ਼ ਹੋਮ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਪੱਤਰ ਵੀ ਸੌਂਪਿਆ।
No comments:
Post a Comment