- ਕਿਹਾ, ਬੇਰੁਜ਼ਗਾਰ ਨੌਜਵਾਨਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਕਰਜ਼ਾ ਦੇਣ ਸਮੇਂ ਢਿੱਲ ਨਾ ਵਰਤੀ ਜਾਵੇ
- ਨਾਬਾਰਡ ਵਲੋਂ ਵਿੱਤੀ ਸਾਲ 2018-19 ਲਈ 11875.77 ਕਰੋੜ ਰੁਪਏ ਦੀ ਸੰਭਾਵੀ ਕਰਜ਼ਾ ਯੋਜਨਾ ਜਾਰੀ
ਹੁਸ਼ਿਆਰਪੁਰ, 7 ਦਸੰਬਰ:ਜਰੂਰਤਮੰਦਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਬੈਂਕ ਅਧਿਕਾਰੀ ਜਨ ਕਲਿਆਣ ਯੋਜਨਾਵਾਂ ਨਾਲ ਆਮ ਜਨਤਾ ਨੂੰ ਜੋੜਨ ਲਈ ਹੋਰ ਗੰਭੀਰਤਾ ਦਿਖਾਉਣ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਆਰਸੇਟੀ (ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ) ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਸੀ.ਜੇ.ਐਮ. ਸ੍ਰੀ ਰਵੀ ਗੁਲਾਟੀ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਮੈਨੇਜਰ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਟੱਲ ਪੈਨਸ਼ਨ ਯੋਜਨਾ, ਬੀਮਾ ਯੋਜਨਾ ਅਤੇ ਜੀਵਨ ਜਿਓਤੀ ਬੀਮਾ ਯੋਜਨਾ ਨਾਲ ਵੱਧ ਤੋਂ ਵੱਧ ਜ਼ਰੂਰਤਮੰਦਾਂ ਨੂੰ ਜੋੜਨ ਲਈ ਜ਼ਮੀਨੀ ਪੱਧਰ ਤੱਕ ਕੰਮ ਕੀਤਾ ਜਾਵੇ। ਉਨ੍ਹਾਂ ਸਮੂਹ ਬੈਂਕ ਮੈਨੇਜਰਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਕੈਸ਼ਲੈਸ ਸਕੀਮ ਨੂੰ ਬੜਾਵਾ ਦੇਣ ਲਈ ਵੱਧ ਤੋਂ ਵੱਧ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਬੈਕਾਂ ਵਲੋਂ ਤਿਆਰ ਕੀਤੇ ਗਏ ਡਿਵਾਈਸ ਬਾਰੇ ਵੀ ਜਨਤਾ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਕਰਜ਼ਾ ਦੇਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ।
ਸ੍ਰੀ ਵਿਪੁਲ ਉਜਵਲ ਨੇ ਨਾਬਾਰਡ ਵਲੋਂ ਵਿੱਤੀ ਸਾਲ 2018-19 ਲਈ ਤਿਆਰ ਕੀਤੀ ਗਈ ਸੰਭਾਵੀ ਕਰਜ਼ਾ ਯੋਜਨਾ ਜਾਰੀ ਕਰਦਿਆਂ ਕਿਹਾ ਕਿ 11875.77 ਕਰੋੜ ਰੁਪਏ ਦੀ ਇਹ ਨਾਬਾਰਡ ਕਰਜ਼ਾ ਯੋਜਨਾ ਜ਼ਿਲ੍ਹੇ ਦੇ ਪ੍ਰਾਇਮਰੀ ਸੈਕਟਰ ਲਈ ਜ਼ਰੂਰੀ ਕਰਜ਼ੇ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਵਲੋਂ ਇਹ
ਕਰਜ਼ਾ ਲੋੜਵੰਦ ਕਿਸਾਨਾਂ, ਛੋਟੇ ਉਦਮੀਆਂ ਅਤੇ ਪ੍ਰਾਇਮਰੀ ਖੇਤਰ ਲਈ ਕਾਫ਼ੀ ਸਹਾਈ ਸਾਬਤ ਹੋਵੇਗਾ। ਇਸ ਦੌਰਾਨ ਉਨ੍ਹਾਂ ਸੰਭਾਵੀ ਕਰਜ਼ਾ ਯੋਜਨਾ ਸਬੰਧੀ ਸੋਵੀਨਾਰ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸਾਲ 2017-18 ਦੌਰਾਨ ਸਤੰਬਰ 2017 ਤੱਕ ਕੁੱਲ 3916.37 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਜਾ ਚੁੱਕੇ ਹਨ।
ਪੰਜਾਬ ਨੈਸ਼ਨਲ ਬੈਕ ਦੇ ਏ.ਜੀ.ਐਮ. ਸ੍ਰੀ ਸੰਜੀਵ ਸੇਠ ਨੇ ਦੱਸਿਆ ਕਿ ਜਿਲ੍ਹੇ ਦੀਆਂ ਬੈਂਕਾਂ ਵਿੱਚ ਜਮ੍ਹਾਂ ਰਾਸ਼ੀਆਂ ਜੋ ਕਿ ਸਤੰਬਰ 2016 ਵਿੱਚ 23558 ਕਰੋੜ ਰੁਪਏ ਸਨ, ਸਤੰਬਰ 2017 ਵਿੱਚ ਵੱਧ ਕੇ 26162 ਕਰੋੜ ਰੁਪਏ ਹੋ ਗਈਆਂ ਹਨ। ਇਸੇ ਤਰ੍ਹਾਂ ਬੈਂਕਾਂ ਵਲੋਂ ਦਿੱਤੇ ਕੁੱਲ ਕਰਜੇ ਦੀ ਰਕਮ ਜੋ ਕਿ ਸਤੰਬਰ 2016 ਵਿੱਚ 6980 ਕਰੋੜ ਰੁਪਏ ਸੀ, ਸਤੰਬਰ 2017 ਵਿੱਚ ਵੱਧ ਕੇ 7650 ਕਰੋੜ ਰੁਪਏ ਹੋ ਗਈ ਹੈ। ਏ.ਜੀ.ਐਮ. ਨਾਬਾਰਡ ਸ੍ਰੀਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਤੰਬਰ 2017 ਤੱਕ 2721 ਸਵੈ-ਸਹਾਇਤਾ ਗਰੁੱਪਾਂ ਦੇ ਬੈਂਕਾਂ ਵਿੱਚ ਬਚਤ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ ਵਿੱਚੋਂ 3466 ਸਵੈ ਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵਲੋਂ ਕਰਜੇ ਦਿੱਤੇ ਗਏ ਹਨ। ਜ਼ਿਲ੍ਹਾ ਲੀਡ ਮੈਨੇਜਰ ਸ੍ਰੀ ਅਰਵਿੰਦ ਕੁਮਾਰ ਸਰੋਚ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਬੈਂਕਾਂ ਵਲੋਂ ਸਤੰਬਰ 2017 ਤੱਕ 177802 ਕਿਸਾਨਾਂ ਨੂੰ 5359 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ।
No comments:
Post a Comment