- ਕਿਹਾ, ਅਗਲੇ ਸਾਲ ਮਈ ਮਹੀਨੇ ਵਿੱਚ ਕਰਵਾਈਆਂ ਜਾ ਸਕਦੀਆਂ ਹਨ ਪੰਚਾਇਤੀ ਚੋਣਾਂ
- ਪਿੰਡ ਨੰਗਲ ਖਿਡਾਰੀਆਂ ਵਿਖੇ ਫੁੱਟਬਾਲ ਖੇਡ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ
ਹੁਸ਼ਿਆਰਪੁਰ, 26 ਦਸੰਬਰ:ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ। ਨੌਜਵਾਨਾਂ ਨੂੰ ਆਪਣਾ ਧਿਆਨ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਲਾਉਣਾ ਚਾਹੀਦਾ ਹੈ। ਉਹ ਪਿੰਡ ਨੰਗਲ ਖਿਡਾਰੀਆਂ ਵਿਖੇ ਯੂਥ ਸਪੋਰਟਸ ਕਲੱਬ ਵਲੋਂ ਕਰਵਾਏ ਗਏ 37ਵੇਂ ਪੰਜਾਬ ਸੀਨੀਅਰ ਦਿਹਾਤੀ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਵਿਧਾਇਕ ਹਲਕਾ ਚੱਬੇਵਾਲ ਡਾ. ਰਾਜ ਕੁਮਾਰ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਟੂਰਨਾਮੈਂਟ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਗਲੇ ਸਾਲ ਮਈ ਮਹੀਨੇ ਤੱਕ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਰਾਜ ਦੇ ਪਿੰਡਾਂ ਵਿੱਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਦੀ ਸਲਾਹ ਅਨੁਸਾਰ ਹਲਕੇ ਦੇ ਕੁਝ ਪਿੰਡਾਂ ਲਈ 15 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਨੇ ਪਿੰਡ ਨੰਗਲ ਖਿਡਾਰੀਆਂ ਦੇ ਵਿਕਾਸ ਕਾਰਜਾਂ ਲਈ 16 ਲੱਖ ਰੁਪਏ ਵੱਖਰੇ ਤੌਰ 'ਤੇ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਨ੍ਹਾਂ ਕੰਮਾਂ ਲਈ ਪੈਸੇ ਭੇਜੇ ਜਾਂਦੇ ਹਨ, ਉਹ ਵਿਕਾਸ ਕਾਰਜਾਂ 'ਤੇ ਪੂਰੇ ਲੱਗਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਨੇ ਅਰਜੁਨ ਅਵਾਰਡੀ ਸ੍ਰ: ਗੁਰਦੇਵ ਸਿੰਘ ਅਤੇ ਫੁੱਟਬਾਲ ਦੇ ਖਿਡਾਰੀ ਕੁਲਵਰਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ।
ਟੂਰਨਾਮੈਂਟ ਦੌਰਾਨ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਸਪੋਰਟਸ ਕਲੱਬ ਵਲੋਂ ਕਰਵਾਏ ਗਏ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਿਲਪੁਰ ਇਲਾਕੇ ਦਾ ਨਾਂ ਦੁਨੀਆਂ ਵਿੱਚ ਫੁੱਟਬਾਲ ਦੀ ਨਰਸਰੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨੇ ਫੁੱਟਬਾਲ ਦੇ ਕਈ ਹੋਣਹਾਰ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।
ਇਸ ਦੌਰਾਨ ਪਿੰਡ ਖਾਨਪੁਰ ਅਤੇ ਕਾਲੇਵਾਲ ਭਗਤਾਂ ਵਿਖੇ ਫੁੱਟਬਾਲ ਦਾ ਫਾਇਨਲ ਮੈਚ ਖੇਡਿਆ ਗਿਆ। ਇਸ ਵਿੱਚ ਜੇਤੂ ਰਹੀ ਕਾਲੇਵਾਲ ਭਗਤਾਂ ਦੀ ਟੀਮ ਨੇ ਚੌਥੀ ਵਾਰ ਇਸ ਟੂਰਨਾਮੈਂਟ 'ਤੇ ਕਬਜਾ ਕੀਤਾ। ਜੇਤੂ ਟੀਮ ਨੂੰ ਟਰਾਫੀ ਅਤੇ 20 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਜਦਕਿ ਰਨਰਅੱਪ ਟੀਮ ਨੂੰ ਟਰਾਫ਼ੀ ਤੋਂ ਇਲਾਵਾ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਟੂਰਨਾਮੈਂਟ ਦੇ ਅਖੀਰ ਵਿੱਚ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ 'ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸਰਬਜੀਤ ਸਿੰਘ ਬੈਂਸ, ਐਸ.ਈ. ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਕੁਲਵੰਤ ਸਿੰਘ, ਸ੍ਰੀ ਗੁਰਮੀਤ ਚੰਦ ਭਾਰਦਵਾਜ, ਪ੍ਰਧਾਨ ਅਮ੍ਰਿਤ ਲਾਲ, ਸਰਪੰਚ ਬਲਬੀਰ ਕੌਰ, ਸਾਬਕਾ ਸਰਪੰਚ ਸਤਨਾਮ ਸਿੰਘ, ਪਾਖਰ ਚੰਦ ਨੰਬਰਦਾਰ, ਰਿਟਾਇਰਡ ਪ੍ਰਿੰਸੀਪਲ ਰਾਮ ਪ੍ਰਕਾਸ਼, ਤਲਵਿੰਦਰ ਸਿੰਘ, ਅਮਨਦੀਪ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਖੇਡ ਪ੍ਰੇਮੀ ਮੌਜੂਦ ਸਨ।
No comments:
Post a Comment