- ਕੈਂਸਰ ਨਾਲ ਸਬੰਧਤ ਵੱਖ-ਵੱਖ ਟੈਸਟ ਮੁਫ਼ਤ ਕੀਤੇ ਜਾਣਗੇ
ਹੁਸ਼ਿਆਰਪੁਰ, 15 ਦਸੰਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਗੁਰੂ ਨਾਨਕ ਇੰਟਰ ਨੈਸ਼ਨਲ ਐਜੂਕੇਸ਼ਨ ਟਰੱਸਟ ਨਵੀਂ ਦਿੱਲੀ ਵਲੋਂ ਕੈਂਸਰ ਰੋਕੋ ਚੈਰੀਟੇਬੇਲ ਟਰੱਸਟ ਯੂ.ਕੇ. ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਅੱਜੋਵਾਲ ਵਿਖੇ 23 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੈਂਸਰ ਜਾਗਰੂਕਤਾ ਅਤੇ ਸ਼ੁਰੂਆਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਜਿਥੇ ਔਰਤਾਂ-ਮਰਦਾਂ ਦੇ ਕੈਂਸਰ ਦੀ ਪਹਿਚਾਣ ਲਈ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਟੈਸਟ ਕੀਤਾ ਜਾਵੇਗਾ, ਉਥੇ ਔਰਤਾਂ ਲਈ ਛਾਤੀ ਦੇ ਕੈਂਸਰ ਦੀ ਪਛਾਣ ਲਈ ਮੈਮੋਗ੍ਰਾਫ਼ੀ ਟੈਸਟ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਪੈਪ ਸਮੀਅਰ ਟੈਸਟ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰਦਾਂ ਲਈ ਗਦੂਦਾਂ ਦੇ ਕੈਂਸਰ ਤੋਂ ਬਚਾਅ ਲਈ ਟੈਸਟ ਤੋਂ ਇਲਾਵਾ ਈ.ਸੀ.ਜੀ. ਅਤੇ ਸ਼ੂਗਰ ਦੇ ਟੈਸਟ ਵੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਡਾ. ਹਰਕੰਵਲਜੀਤ ਸਿੰਘ (ਮੋਬਾਇਲ ਨੰ: 94170-18018) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਸਨੀਕ ਇਸ ਕੈਂਪ ਵਿੱਚ ਮਿਲਣ ਵਾਲੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਕੈਂਸਰ ਇਕ ਮਾਰੂ ਰੋਗ ਹੈ, ਜੋ ਮਨੁੱਖੀ ਜਿੰਦਗੀ ਨੂੰ ਲਗਾਤਾਰ ਪ੍ਰਭਾਵਿਤ ਕਰਦਾ ਆ ਰਿਹਾ ਹੈ, ਇਸ ਲਈ ਲਗਾਏ ਜਾ ਰਹੇ ਕੈਂਪ ਵਿੱਚ ਮੁਫ਼ਤ ਟੈਸਟ ਕਰਵਾ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ, ਤਾਂ ਜੋ ਰੋਗ ਰਹਿਤ ਜੀਵਨ ਬਤੀਤ ਕੀਤਾ ਜਾ ਸਕੇ।
No comments:
Post a Comment