- 8 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਡੇਅਰੀ ਉਦਮ ਸਿਖਲਾਈ ਲਈ ਕੌਂਸਲਿੰਗ 22 ਦਸੰਬਰ ਤੋਂ
ਹੁਸ਼ਿਆਰਪੁਰ, 13 ਦਸੰਬਰ:ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵਲੋਂ 6 ਹਫ਼ਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ 8 ਜਨਵਰੀ ਤੋਂ 19 ਫਰਵਰੀ 2018 ਤੱਕ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕਸ਼ਮੀਰ ਸਿੰਘ ਗੋਰਾਇਆ ਨੇ ਦੱਸਿਆ ਕਿ ਚਾਹਵਾਨ ਡੇਅਰੀ ਫਾਰਮਰ ਜਿਨ੍ਹਾਂ ਦੀ ਯੋਗਤਾ ਘੱਟੋ-ਘੱਟ 10ਵੀਂ ਪਾਸ ਹੋਵੇ, ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਵੇ ਅਤੇ ਪੇਂਡੂ ਖੇਤਰ ਨਾਲ ਸਬੰਧਤ ਹੋਣ ਤੋਂ ਇਲਾਵਾ ਉਨ੍ਹਾਂ ਕੋਲ ਘੱਟੋ-ਘੱਟ 5 ਪਸ਼ੂ ਰੱਖੇ ਹੋਣ, ਉਹ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਬੀਮਾਰੀਆਂ, ਮਨਸੂਈ ਗਰਭਦਾਨ ਅਤੇ ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਅਤੇ ਡੇਅਰੀ ਦੇ ਧੰਦੇ ਦਾ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਿਖਲਾਈ ਕੋਰਸ ਲਈ ਕੌਂਸਲਿੰਗ 22 ਦਸੰਬਰ 2017 ਨੂੰ ਸਵੇਰੇ 10 ਵਜੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਫਗੜਾਵਾ, ਸਾਹਮਣੇ ਸ੍ਰੀ ਗੁਰੂ ਰਾਮਰਾਏ ਪਬਲਿਕ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਿਖਲਾਈ ਲੈਣ ਦੇ ਇਛੁੱਕ ਵਿਅਕਤੀ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ: 435, ਚੌਥੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਪ੍ਰਾਸਪੈਕਟ (ਫਾਰਮ) ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਸਿਖਿਆਰਥੀ ਜਨਰਲ ਕੈਟਾਗਰੀ ਲਈ ਫੀਸ 5000/- ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000/- ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01882-220025 'ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment