- ਕਿਹਾ, ਬਾਕੀ ਰਹਿੰਦੇ ਪਿੰਡਾਂ ਨੂੰ ਵੀ ਮਿਥੇ ਸਮੇਂ ਅੰਦਰ ਕੀਤਾ ਜਾਵੇਗਾ ਸ਼ੋਚ ਮੁਕਤ
- ਡੀ.ਏ.ਵੀ. ਬੀ.ਐਡ ਕਾਲਜ ਵਿਖੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਕਰਵਾਇਆ ਗਿਆ ਸੈਮੀਨਾਰ
ਹੁਸ਼ਿਆਰਪੁਰ, 28 ਦਸੰਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਦੇ 671 ਪਿੰਡਾਂ ਨੂੰ ਸ਼ੋਚ ਮੁਕਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਮਿਥੇ ਸਮੇਂ ਅੰਦਰ ਸ਼ੋਚ ਮੁਕਤ ਕਰ ਦਿੱਤਾ ਜਾਵੇਗਾ। ਉਹ ਅੱਜ ਡੀ.ਏ.ਵੀ., ਬੀ.ਐਡ ਕਾਲਜ ਵਿਖੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਮੁਹੰਮਦ ਇਸ਼ਫਾਕ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸੈਮੀਨਾਰ ਦੌਰਾਨ ਸਰਪੰਚਾਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਪਿੰਡ ਵਾਸੀਆਂ ਨੂੰ ਪਖਾਨੇ ਬਣਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ ਸ਼ੋਚ ਮੁਕਤ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇਕਰ ਹਰ ਪਿੰਡ ਵਾਸੀ ਆਪਣੇ ਘਰ ਵਿੱਚ ਪਖਾਨਾ ਬਣਾ ਕੇ ਇਸ ਦੀ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਵਿੱਚ ਪਖਾਨੇ ਤਾਂ ਬਣਾਏ ਹੀ ਜਾ ਰਹੇ ਹਨ, ਪਰ ਪਿੰਡ ਵਾਸੀਆਂ ਦੀ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਪਹਿਲ ਕਦਮੀ ਕਰਦੇ ਹੋਏ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਸ਼ੋਚ ਕਰਨ ਦੇ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖੁੱਲ੍ਹੇ ਵਿੱਚ ਸ਼ੋਚ ਮੁਕਤ ਹੋ ਚੁੱਕੇ 671 ਪਿੰਡਾਂ ਵਿੱਚੋਂ ਚੁਣੇ ਗਏ 15 ਸਰਪੰਚਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਜਿਹੜਾ ਪਿੰਡ ਸਭ ਤੋਂ ਵਧੀਆ ਅਤੇ ਜਲਦੀ ਪਖਾਨੇ ਬਣਾ ਕੇ ਪਿੰਡ ਨੂੰ ਸ਼ੋਚ ਮੁਕਤ ਕਰੇਗਾ, ਉਨ੍ਹਾਂ ਨੂੰ ਅੱਗੇ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਦੌਰਾਨ ਡਾਇਰੈਕਟਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਮੁਹੰਮਦ ਇਸ਼ਫਾਕ ਨੇ ਆਏ ਹੋਏ ਸਰਪੰਚਾਂ ਨੂੰ ਮੌਕੇ 'ਤੇ ਜਾਗਰੂਕ ਕਰਦਿਆਂ ਦੱਸਿਆ ਕਿ ਕਿਵੇਂ ਇਕ ਮੱਖੀ ਆਪਣੇ ਪੈਰਾਂ ਰਾਹੀਂ ਖੁੱਲ੍ਹੇ ਵਿੱਚ ਕੀਤੇ ਮੱਲ ਨੂੰ ਖਾਣ ਵਾਲੇ ਪਦਾਰਥਾਂ ਤੱਕ ਪਹੁੰਚਾ ਕੇ ਬੀਮਾਰੀਆਂ ਫੈਲਾਉਂਦੀ ਹੈ। ਉਨ੍ਹਾਂ ਨੇ ਵੀ ਸਰਪੰਚਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਜਲਦੀ ਤੋਂ ਜਲਦੀ ਸ਼ੋਚ ਮੁਕਤ ਕਰਨ, ਤਾਂ ਜੋ ਜ਼ਿਲ੍ਹੇ ਨੂੰ ਮਿਥੇ ਸਮੇਂ ਵਿੱਚ ਸ਼ੋਚ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜ਼ਰੂਰਤਮੰਦਾਂ ਨੂੰ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ, ਜਿਸ ਦਾ ਸਾਰੇ ਜ਼ਰੂਰਤਮੰਦ ਪਿੰਡ ਵਾਸੀਆਂ ਨੂੰ ਲਾਭ ਲੈਣਾ ਚਾਹੀਦਾ ਹੈ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ੍ਰੀ ਅਮਰਜੀਤ ਸਿੰਘ ਗਿੱਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਉਪ ਮੰਡਲ ਇੰਜੀਨੀਅਰ ਸੈਨੀਟੇਸ਼ਨ ਸ੍ਰੀ ਨਵਨੀਤ ਕੁਮਾਰ ਜਿੰਦਲ ਸਮੇਤ ਬੀ.ਡੀ.ਪੀ.ਓਜ਼ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚ ਵੀ ਮੌਜੂਦ ਸਨ।
No comments:
Post a Comment