- ਕਿਹਾ, ਜ਼ਿਲ੍ਹਾ ਵਾਸੀ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ
ਹੁਸ਼ਿਆਰਪੁਰ, 22 ਦਸੰਬਰ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜੇਕਰ ਕੋਈ ਟਰੈਵਲ ਏਜੰਟ ਟੈਲੀਵਿਜਨ ਜਾਂ ਅਖ਼ਬਾਰ ਰਾਹੀਂ ਆਪਣਾ ਵਿਗਿਆਪਨ ਦੇਣਾ ਚਾਹੁੰਦਾ ਹੈ ਤਾਂ ਉਹ ਵਿਗਿਆਪਨ ਦੇਣ ਸਮੇਂ ਆਪਣਾ ਲਾਈਸੰਸ ਨੰਬਰ ਦਰਸਾਉਣਾ ਯਕੀਨੀ ਬਣਾਵੇਗਾ। ਇਸ ਤੋਂ ਇਲਾਵਾ ਆਪਣੇ ਡਿਸਪਲੇ ਬੋਰਡ ਆਦਿ ਉਪਰ ਵੀ ਇਹ ਲਾਈਸੰਸ ਨੰਬਰ ਲਿਖਵਾਏਗਾ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਿਯਮਾਂ/ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਰਜਿਸਟਰਡ ਟਰੈਵਲ ਏਜੰਟਾਂ ਦੀ ਲਿਸਟ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੈਬਸਾਈਟ ਡਬਲਯੂ ਡਬਲਯੂ ਡਬਲਯੂ ਡਾਟ ਹੁਸ਼ਿਆਰਪੁਰ ਡਾਟ ਐਨਆਈਸੀ ਡਾਟ ਇਨ (www.hoshiarpur.nic.in) 'ਤੇ ਪਾ ਦਿੱਤੀ ਗਈ ਹੈ ਅਤੇ ਵਿਦੇਸ਼ ਜਾਣ ਦੇ ਚਾਹਵਾਨ ਇਹ ਲਿਸਟ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਕਾਰੀ ਨਿਯਮਾਂ ਮੁਤਾਬਕ 32 ਟਰੈਵਲ ਏਜੰਟ ਰਜਿਸਟਰਡ ਹਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਏਜੰਟ ਕਾਨੂੰਨੀ ਤੌਰ 'ਤੇ ਕਿਸੇ ਵੀ ਵਿਅਕਤੀ ਨੂੰ ਵਿਦੇਸ਼ ਨਹੀਂ ਭੇਜ ਸਕਦਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਪੈਸੇ ਨਾ ਖਰਾਬ ਕਰਨ, ਬਲਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਕੇਵਲ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਆਮ ਹੀ ਦੇਖਣ ਵਿੱਚ ਆ ਰਿਹਾ ਹੈ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਬਹੁਤ ਸਾਰੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲੋਕ ਪੈਸਿਆਂ ਦੇ ਨਾਲ-ਨਾਲ ਪਾਸਪੋਰਟ ਸਮੇਤ ਅਹਿਮ ਦਸਤਾਵੇਜ਼ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹਵਾਲੇ ਕਰਕੇ ਆਪਣਾ ਜੀਵਨ ਵੀ ਖਰਾਬ ਕਰ ਲੈਂਦੇ ਹਨ। ਉਨ੍ਹਾਂ ਅਜਿਹੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ 32 ਟਰੈਵਲ ਏਜੰਟ ਹੀ ਸਰਕਾਰੀ ਨਿਯਮਾਂ ਮੁਤਾਬਕ ਰਜਿਸਟਰਡ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਆਪਣੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਣ ਲਈ ਨਿਯਮਾਂ ਅਨੁਸਾਰ ਹੀ ਵਿਦੇਸ਼ ਜਾਣ ਲਈ ਅਪਲਾਈ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਏਜੰਟ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦੇ ਹਨ, ਜਿਸ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਹੈ।
No comments:
Post a Comment