- ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਹਾਈ ਸਾਬਤ ਹੋ ਰਹੇ ਹਨ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ : ਡਿਪਟੀ ਕਮਿਸ਼ਨਰ
- ਵਧੀਕ ਡਿਪਟੀ ਕਮਿਸ਼ਨਰ ਨੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ 62 ਸਿਖਿਆਰਥਣਾਂ ਨੂੰ ਸੌਂਪੇ ਸਰਟੀਫਿਕੇਟ
ਹੁਸ਼ਿਆਰਪੁਰ, 8 ਦਸੰਬਰ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਸਿਖਿਆਰਥੀਆਂ ਲਈ ਹੋਸਟਲ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰੀਬ 50 ਸਿਖਿਆਰਥੀ ਇਥੇ ਰਹਿ ਕੇ ਵੈਲਡਿੰਗ ਅਤੇ ਇਲੈਕਟ੍ਰਿਸ਼ਨ ਦੀ ਮੁਫ਼ਤ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਨੂੰ ਹੋਸਟਲ ਅਤੇ ਖਾਣੇ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਦਯੋਗਾਂ ਦੀ ਮੰਗ ਮੁਤਾਬਕ ਹੀ ਨੌਜਵਾਨਾਂ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਹੋਰ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਵੱਖ-ਵੱਖ ਕਿੱਤਾਮੁਖੀ ਕੋਰਸ ਕਰਵਾ ਕੇ ਹੁਨਰਮੰਦ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਲੇਸਮੈਂਟ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਤਹਿਤ ਹੀ ਕਰੀਬ 35 ਸਿਖਿਆਰਥਣਾਂ ਦੀ ਵਰਧਮਾਨ ਅਤੇ ਜੇ.ਸੀ.ਟੀ. ਗਰੁੱਪ ਵਿੱਚ ਪਲੇਸਮੈਂਟ ਹੋ ਚੁੱਕੀ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 5 ਰੂਰਲ
ਸਕਿੱਲ ਡਿਵੈਲਪਮੈਂਟ ਸੈਂਟਰ ਚੱਲ ਰਹੇ ਹਨ, ਜਦਕਿ ਜਲਦੀ ਹੀ 8 ਹੋਰ ਸਕਿੱਲ ਡਿਵੈਲਪਮੈਂਟ ਸੈਂਟਰ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਨਰ ਪ੍ਰਾਪਤ ਕਰਨ ਲਈ ਇਨ੍ਹਾਂ ਸੈਂਟਰਾਂ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਵਚਨਬੱਧਤਾ ਤਹਿਤ ਉਦਯੋਗਪਤੀਆਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਇਆ ਜਾ ਰਿਹਾ ਹੈ।
ਉਧਰ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ ਭੰਗਾਲਾ ਤੋਂ ਟੇਲਰਿੰਗ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ 62 ਸਿਖਿਆਰਥਣਾਂ ਨੂੰ ਸਰਟੀਫਿਕੇਟ ਸੌਂਪਣ ਤੋਂ ਇਲਾਵਾ ਨਵੇਂ ਬੈਚ ਨੂੰ ਟੇਲਰਿੰਗ ਸਬੰਧੀ ਕਿੱਟਾਂ ਵੀ ਸੌਂਪੀਆਂ। ਉਨ੍ਹਾਂ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਤੋਂ ਇਲਾਵਾ 5 ਰੂਰਲ ਸਕਿੱਲ ਸੈਂਟਰ ਦਸੂਹਾ, ਭੰਗਾਲਾ, ਬੱਸੀ ਜਲਾਲ, ਹੰਡਵਾਲ ਅਤੇ ਸੰਸਾਰਪੁਰ ਵਿਚ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਨੌਜਵਾਨਾਂ ਨੂੰ ਯੋਗਤਾ ਮੁਤਾਬਕ ਵੱਖ-ਵੱਖ ਕਿੱਤਾਮੁਖੀ ਕੋਰਸ ਮੁਫ਼ਤ ਕਰਵਾਏ ਜਾ ਰਹੇ ਹਨ।
ਡਾਇਰੈਕਟਰ ਐਵਟੇਗ ਕੰਪਨੀ ਸ੍ਰੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਬਣੇ ਹੋਸਟਲ ਦੀ ਸਮਰੱਥਾ 100 ਤੋਂ ਵੱਧ ਸਿਖਿਆਰਥੀਆਂ ਦੀ ਹੈ। ਇਸ ਤੋਂ ਇਲਾਵਾ ਸੈਂਟਰ ਵਿਖੇ ਹੀ ਮੈਸ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਸਿਖਿਆਰਥੀਆਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਕਿੱਲ ਡਿਵੈਲਪਮੈਂਟ ਅਫ਼ਸਰ ਨੇਹਾ ਮਹਾਜਨ, ਸ੍ਰੀ ਜਤਿੰਦਰ ਪਾਲ ਸਿੰਘ ਅਤੇ ਨਵਜੋਤ ਕੌਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਅਤੇ ਸਿਖਿਆਰਥਣਾਂ ਹਾਜ਼ਰ ਸਨ।
No comments:
Post a Comment