- ਕਿਹਾ, ਮਲਟੀ ਸਕਿੱਲ ਅਤੇ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਨੌਜਵਾਨ
ਹੁਸ਼ਿਆਰਪੁਰ, 21 ਦਸੰਬਰ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰੂਰਲ ਡਿਵੈਲਪਮੈਂਟ ਸੈਂਟਰਾਂ ਵਿਚ ਬਾਕੀ ਕਿੱਤਾਮੁਖੀ ਕੋਰਸਾਂ ਤੋਂ ਇਲਾਵਾ ਸਿਲਾਈ-ਕਢਾਈ ਦੇ ਕੋਰਸ ਕਰਵਾ ਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਲਈ ਇਹ ਕੋਰਸ ਸਵੈ-ਰੁਜ਼ਗਾਰ ਖੋਲ੍ਹਣ ਲਈ ਵੀ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਤੋਂ ਇਲਾਵਾ ਜ਼ਿਲ੍ਹੇ ਵਿਚ 5 ਰੂਰਲ ਡਿਵੈਲਪਮੈਂਟ ਸੈਂਟਰ ਦਸੂਹਾ, ਹੰਡਵਾਲ, ਭੰਗਾਲਾ, ਟਾਂਡਾ ਅਤੇ ਸੰਸਾਰਪੁਰ ਵਿਖੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਰੂਰਲ ਸੈਂਟਰਾਂ ਵਿਚ ਕਰਵਾਏ ਜਾ ਰਹੇ ਸਿਲਾਈ ਕਢਾਈ ਦੇ ਕੋਰਸ ਲੜਕੀਆਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਹੇ ਹਨ ਅਤੇ ਲੜਕੀਆਂ ਸਿਲਾਈ-ਕਢਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦੀ ਆਰਥਿਕਤਾ ਵਿਚ ਯੋਗਦਾਨ ਵੀ ਪਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਡਾ. ਬੀ.ਆਰ ਅੰਬੇਡਕਰ ਪੀਪਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਆਹੁਦੇਦਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਐਨ.ਜੀ.ਓਜ਼ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਹਰੇਕ ਵਿਅਕਤੀ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਕ ਮਲਟੀ ਸਕਿੱਲ ਅਤੇ 5 ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰਾਂ ਤੋਂ ਇਲਾਵਾ 8 ਹੋਰ ਰੂਰਲ ਸੈਂਟਰ ਜਲਦੀ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰਾਂ ਵਿਚ ਉਦਯੋਗਿਕ ਅਦਾਰਿਆਂ ਦੀ ਮੰਗ ਅਨੁਸਾਰ ਹੀ ਵੱਖ-ਵੱਖ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ 30 ਲੜਕੀਆਂ ਦੀ ਪਲੇਸਮੈਂਟ ਵੀ ਕਰਵਾਈ ਗਈ ਹੈ, ਜਿਨ੍ਹਾਂ ਵਿਚ 20 ਲੜਕੀਆਂ ਨੂੰ ਵਰਧਮਾਨ ਗਰੁੱਪ ਵਿਚ, ਜਦਕਿ 10 ਲੜਕੀਆਂ ਨੂੰ ਜੇ.ਸੀ.ਟੀ ਗਰੁੱਪ ਵਿਚ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਵੀ ਸਮੇਂ-ਸਮੇਂ 'ਤੇ ਲੋੜਵੰਦਾਂ ਨੂੰ ਮੁਫਤ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਤਹਿਤ ਕਿੱਤਾਮੁਖੀ ਕੋਰਸਾਂ ਤੋਂ ਇਲਾਵਾ ਸਿਲਾਈ-ਕਢਾਈ, ਟੇਲਰਿੰਗ ਆਦਿ ਦੀ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ, ਜਦਕਿ ਆਈ.ਟੀ.ਆਈ ਕੱਚਾ ਟੋਭਾ ਵਿਖੇ ਵੀ ਵੱਖ-ਵੱਖ ਕੋਰਸਾਂ ਰਾਹੀਂ ਲੜਕੀਆਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਹੋਣ ਦੇ ਕਾਬਲ ਬਣਾਇਆ ਜਾ ਰਿਹਾ ਹੈ।
ਉਧਰ ਡਾ. ਬੀ.ਆਰ ਅੰਬੇਡਕਰ ਪੀਪਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਦੇ ਕਨਵੀਨਰ ਐਮ.ਐਸ. ਧਾਮੀ ਨੇ ਦੱਸਿਆ ਕਿ ਸੋਸਾਇਟੀ ਵਲੋਂ ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨਲ ਸੋਸਾਇਟੀ ਯੂ.ਐਸ.ਏ ਦੇ ਸਹਿਯੋਗ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਲਈ ਪਿੰਡ ਮਲਮਜਾਰਾ ਵਿਖੇ ਕਟਿੰਗ, ਟੇਲਰਿੰਗ, ਸਿਲਾਈ-ਕਢਾਈ ਅਤੇ ਬਿਊਟੀਸ਼ੀਅਨ ਕੋਰਸ ਮੁਫਤ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਕ ਸਮਾਗਮ ਦੌਰਾਨ 79 ਸਿਖਿਆਰਥੀਆਂ ਨੂੰ ਸਰਟੀਫਕੇਟ ਅਤੇ 45 ਸਿਲਾਈ ਮਸ਼ੀਨਾਂ ਮੁਫ਼ਤ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਕੋਰਸਾਂ ਵਿਚ ਮੁਫਤ ਸਿਖਲਾਈ ਦੇਣ ਵਾਸਤੇ ਨਵੇਂ ਵਰ੍ਹੇ ਦੇ ਸ਼ੁਰੂ ਵਿਚ ਨਵਾਂ ਸ਼ੈਸ਼ਨ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਉਕਤ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਟੀ.ਆਰ ਗੰਗੜ, ਮੁੱਖ ਸਲਾਹਕਾਰ ਪ੍ਰੋ. ਬਲਦੇਵ ਸਿੰਘ ਬੱਲੀ ਸਾਬਕਾ ਡੀ.ਪੀ.ਆਰ.ਓ, ਕੈਸ਼ੀਅਰ ਸੁੱਚਾ ਸਿੰਘ ਅਤੇ ਰਾਜਿੰਦਰ ਕੁਮਾਰ ਵੀ ਮੌਜੂਦ ਸਨ।
No comments:
Post a Comment