- ਝੰਡਾ ਦਿਵਸ ਫੰਡ ਇਕੱਤਰ ਕਰਨ ਲਈ ਏ.ਡੀ.ਸੀ. ਨੇ ਟੀਮਾਂ ਨੂੰ ਕੀਤਾ ਰਵਾਨਾ
- ਜ਼ਿਲ੍ਹੇ 'ਚ ਕਰੀਬ 4.5 ਲੱਖ ਸਟਿੱਕਰ ਵੰਡੇ ਗਏ
ਹੁਸ਼ਿਆਰਪੁਰ, 7 ਦਸੰਬਰ:ਜ਼ਿਲ੍ਹੇ ਵਿੱਚ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ ਅਤੇ ਕਰੀਬ 4.5 ਲੱਖ ਸਟਿੱਕਰ ਪੂਰੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ
ਵੰਡੇ ਗਏ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਸ਼ਹੀਦਾਂ ਦੀ ਬਹਾਦਰੀ ਨੂੰ ਸਤਿਕਾਰਨ, ਸਾਬਕਾ ਸੈਨਿਕਾਂ ਨੂੰ ਮਾਣ ਦੇਣ ਅਤੇ ਸੁਰੱਖਿਆ ਸੈਨਾਵਾਂ ਨਾਲ ਇਕਜੁੱਟਤਾ ਨੂੰ ਪ੍ਰਗਟਾਉਣ ਲਈ ਇਹ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਪੂਰਾ ਰਾਸ਼ਟਰ ਝੰਡਾ ਦਿਵਸ ਫੰਡ ਲਈ ਦਾਨ ਦੇ ਕੇ ਸੁਰੱਖਿਆ ਸੈਨਾਵਾਂ ਪ੍ਰਤੀ ਆਪਣੀ ਸਾਂਝ ਪ੍ਰਗਟ ਕਰਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 569 ਸ਼ਹੀਦ, 457 ਪੁਰਸਕਾਰ ਵਿਜੇਤਾ ਅਤੇ 60 ਹਜ਼ਾਰ ਦੇ ਕਰੀਬ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਗਿਣਤੀ ਹੈ। ਉਨ੍ਹਾਂ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਝੰਡਾ ਦਿਵਸ ਫ਼ੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ, ਤਾਂ ਜੋ ਸੈਨਿਕਾਂ ਨਾਲ ਸਾਂਝ ਪੈਦਾ ਕੀਤੀ ਜਾ ਸਕੇ। ਉਨ੍ਹਾਂ ਇਸ ਮੌਕੇ ਝੰਡਾ ਦਿਵਸ ਫੰਡ ਇਕੱਤਰ ਕਰਨ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਵਿਭਾਗ ਵਲੋਂ ਤਾਇਨਾਤ ਕੀਤੀਆਂ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ। ਇਸ ਤੋਂ ਪਹਿਲਾਂ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਤੋਂ ਇਲਾਵਾ ਵੱਖ-ਵੱਖ ਅਧਿਕਾਰੀਆਂ ਦੇ ਸਟਿੱਕਰ ਵੀ ਲਗਾਏ ਗਏ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ
ਦਲਵਿੰਦਰ ਸਿੰਘ (ਰਿਟਾ:) ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਉਨ੍ਹਾਂ ਸੂਰਬੀਰ ਸੈਨਿਕਾਂ 'ਤੇ ਮਾਣ ਹੋਣਾ ਚਾਹੀਦਾ ਹੈ, ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਸਨੀਕ ਹੋ ਕੇ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਇਕਜੁੱਟਤਾ ਨਾਲ ਦੇਸ਼ ਦੀ ਰੱਖਿਆ ਲਈ ਮਰ ਮਿਟਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਹਥਿਆਰਬੰਦ ਸੈਨਿਕ ਝੰਡਾ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਲਈ 4.5 ਲੱਖ ਦੇ ਕਰੀਬ ਸਟਿੱਕਰ ਪੂਰੇ ਜ਼ਿਲ੍ਹੇ ਵਿੱਚ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਇਸ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫੰਡ ਜ਼ਰੀਏ ਫੌਜੀਆਂ, ਸਾਬਕਾ ਫੌਜੀਆਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸਮੇਂ-ਸਮੇਂ 'ਤੇ ਸਹਾਇਤਾ ਕੀਤੀ ਜਾਂਦੀ ਹੈ। ਇਸ ਮੌਕੇ ਬ੍ਰਿਗੇਡੀਅਰ ਸੁਰਜੀਤ ਸਿੰਘ (ਰਿਟਾ:), ਕਰਨਲ ਮਲੂਕ ਸਿੰਘ (ਰਿਟਾ:), ਕਰਨਲ ਜੇ.ਐਸ. ਬੈਂਸ (ਰਿਟਾ:), ਸ੍ਰੀਮਤੀ ਬਲਜੀਤ ਕੌਰ, ਸ੍ਰੀ ਸਤੀਸ਼ ਸਿੰਘ ਬੱਗਾ, ਸ੍ਰੀ ਮਨਜੀਤ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਸੁਖਵਿੰਦਰ ਸਿੰਘ ਤੋਂ ਇਲਾਵਾ 100 ਦੇ ਕਰੀਬ ਸਾਬਕਾ ਸੈਨਿਕ ਅਤੇ ਵਿਧਵਾਵਾਂ ਹਾਜ਼ਰ ਸਨ।
No comments:
Post a Comment