- ਲੋੜ ਪੈਣ 'ਤੇ ਹੈਲਪ ਲਾਈਨ ਨੰਬਰ 0177-2800880-83 'ਤੇ ਸੰਪਰਕ ਕਰ ਸਕਦੇ ਹਨ ਸੈਲਾਨੀ
ਹੁਸ਼ਿਆਰਪੁਰ, 20 ਦਸੰਬਰ:ਸ਼ਿਮਲਾ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹਰ ਸਾਲ ਸਰਦੀ ਦੇ ਮੌਸਮ ਦੌਰਾਨ ਸ਼ਿਮਲਾ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਭਾਰੀ ਮਾਤਰਾ ਵਿਚ ਬਰਫ਼ ਪੈਂਦੀ ਹੈ। ਇਸ ਮੌਸਮ ਦੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਸ਼ਿਮਲਾ ਘੁੰਮਣ ਅਤੇ ਉੱਥੇ ਪੈਂਦੀ ਬਰਫ਼ਬਾਰੀ ਦਾ ਅਨੰਦ ਲੈਣ ਲਈ ਜਾਂਦੇ ਹਨ। ਉੱਚ ਪਹਾੜੀ 'ਤੇ ਸਥਿਤ ਇਸ ਖੇਤਰ ਵਿੱਚ ਜਦ ਭਾਰੀ ਬਰਫ਼ਬਾਰੀ ਹੁੰਦੀ ਹੈ ਤਾਂ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਸ਼ਿਮਲਾ ਪ੍ਰਸ਼ਾਸ਼ਨ ਵਲੋਂ ਜਾਰੀ ਇਨ੍ਹਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਸ਼ਿਮਲਾ ਵਲੋਂ ਸਥਾਪਤ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਦਿਨ ਰਾਤ ਚਾਲੂ ਨੰਬਰਾਂ 0177-2800880-83 'ਤੇ ਵੀ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਮੱਦੇਨਜ਼ਰ ਸ਼ਿਮਲਾ ਪ੍ਰਸ਼ਾਸ਼ਨ ਵਲੋਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਵਿੱਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਸ਼ਿਮਲਾ ਜਾਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਰਹਿਣ ਲਈ ਬੁਕਿੰਗ ਕਰਵਾ ਕੇ ਜਾਣ। ਇਹ ਵੇਖਣ ਵਿੱਚ ਆਉਂਦਾ ਹੈ ਕਿ ਮੌਕੇ 'ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਦੋਂ ਸ਼ਿਮਲਾ ਅਤੇ ਇਸ ਦੇ ਆਸ-ਪਾਸ ਲੱਗਦੇ ਖੇਤਰਾਂ ਕੁਫ਼ਰੀ, ਨਾਰਕੰਡਾ ਵਿਚ ਭਾਰੀ ਬਰਫ਼ਬਾਰੀ ਪੈਂਦੀ ਹੈ ਤਾਂ ਇਹ ਆਮ ਤੌਰ 'ਤੇ 3-4 ਦਿਨਾਂ ਤੱਕ ਰਹਿੰਦੀ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਪਹਿਲਾਂ ਕਮਰਿਆਂ ਦੀ ਬੁਕਿੰਗ ਕਰਵਾਉਣੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨ੍ਹਾਂ ਪਹਾੜੀ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਗੱਡੀ ਚਲਾਉਣਾ ਖ਼ਤਰਨਾਕ ਹੋ ਜਾਂਦਾ ਹੈ ਅਤੇ ਕਈ ਵਾਰ ਘਾਤਕ ਦੁਰਘਟਨਾਵਾਂ ਵੀ ਹੋ ਸਕਦੀਆਂ ਹਨ। ਇਸ ਲਈ ਸੈਲਾਨੀਆਂ ਨੂੰ ਹਮੇਸ਼ਾਂ ਦਿਨ ਵੇਲੇ ਹੀ ਸਫ਼ਰ ਕਰਨਾ ਚਾਹੀਦਾ ਹੈ ਅਤੇ ਇਕੱਲੇ ਡਰਾਈਵਿੰਗ ਕਰਨ ਤੋਂ ਵੀ ਸੰਕੋਚ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਮਲਾ ਘੁੰਮਣ ਜਾਣ ਵੇਲੇ ਹਮੇਸ਼ਾ ਤਜ਼ਰਬੇਕਾਰ ਡਰਾਈਵਰ ਹੀ ਨਾਲ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਠੰਢ ਤੋਂ ਬਚਣ ਲਈ ਸੈਲਾਨੀਆਂ ਨੂੰ ਗਰਮ ਕੱਪੜੇ, ਕੰਬਲ, ਗਰਮ ਪਾਣੀ, ਦੁੱਧ ਅਤੇ ਹੋਰ ਪਦਾਰਥ ਆਪਣੇ ਨਾਲ ਲਿਜਾਣੇ ਚਾਹੀਦੇ ਹਨ ਅਤੇ ਹੋ ਸਕੇ ਤਾਂ ਛੋਟੇ ਬੱਚੇ ਅਤੇ ਬਜ਼ੁਰਗਾਂ ਨੂੰ ਆਪਣੇ ਨਾਲ ਲਿਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਦੌਰਾਨ ਜੇਕਰ ਕਿਤੇ ਰੁਕਣਾ ਵੀ ਪਵੇ, ਤਾਂ ਸੈਲਾਨੀਆਂ ਨੂੰ ਆਪਣੇ ਵਾਹਨਾਂ ਨੂੰ ਇੱਕ ਪਾਸੇ ਰੋਕ ਕੇ ਪਾਰਕਿੰਗ ਲਾਈਟਾਂ ਚਾਲੂ ਕਰਕੇ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਲੰਮਾ ਸਮਾਂ ਰੁੱਕਣਾ ਵੀ ਪਵੇ ਤਾਂ ਹਰੇਕ ਦਸ ਮਿੰਟ ਦੇ ਵਕਫ਼ੇ ਬਾਅਦ ਵਾਹਨ ਦੇ ਇੰਜਣ ਨੂੰ ਚਾਲੂ ਕਰ ਲੈਣਾ ਚਾਹੀਦਾ ਹੈ। ਇੰਜਣ ਚਾਲੂ ਕਰਨ ਵੇਲੇ ਵਾਹਨ ਦੇ ਸ਼ੀਸ਼ੇ ਥੋੜ੍ਹੇ-ਥੋੜ੍ਹੇ ਖ਼ੋਲ ਲੈਣੇ ਚਾਹੀਦੇ ਹਨ, ਤਾਂ ਜੋ ਵਾਹਨ ਦੇ ਅੰਦਰ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਨਾ ਹੋ ਸਕੇ।
No comments:
Post a Comment