- ਕੈਟਲ ਪੌਂਡ ਫਲਾਹੀ 'ਚ ਕਰੀਬ 200 ਬੇਸਹਾਰਾ ਪਸ਼ੂਆਂ ਦੀ ਕੀਤੀ ਜਾ ਰਹੀ ਸਾਂਭ-ਸੰਭਾਲ : ਉਜਵਲ
ਹੁਸ਼ਿਆਰਪੁਰ, 14 ਦਸੰਬਰ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ 'ਨਈ ਸੋਚ' ਸੰਸਥਾ ਵਲੋਂ ਅਵਾਰਾ ਅਤੇ ਜ਼ਖਮੀ ਪਸ਼ੂਆਂ ਨੂੰ ਆਸਾਨੀ ਨਾਲ ਫੜ੍ਹਨ ਅਤੇ ਨਿਰਧਾਰਤ ਥਾਂ 'ਤੇ ਲਿਜਾਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਈ ਰਿਕਵਰੀ ਵੈਨ ਨੂੰ ਹਰੀ ਝੰਡੀ ਦਿੰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਰਿਕਵਰੀ ਵੈਨ ਰਾਹੀਂ ਜ਼ਖਮੀ ਪਸ਼ੂਆਂ ਨੂੰ ਕਾਫ਼ੀ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅਵਾਰਾ ਪਸ਼ੂਆਂ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵੈਸੇਵੀ ਸੰਸਥਾਵਾਂ ਨੂੰ ਵੀ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਅੱਗੇ ਆਉਣ ਦੀ ਲੋੜ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਰਕਾਰ ਵਲੋਂ ਪਿੰਡ ਫਲਾਹੀ ਵਿਖੇ ਬਣਾਏ ਗਏ ਕੈਟਲ ਪੌਂਡ ਵਿੱਚ ਕਰੀਬ 200 ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਸ਼ੂਆਂ ਲਈ ਜਿਥੇ ਚਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਸਰਦੀਆਂ ਤੋਂ ਬਚਾਅ ਲਈ ਵੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਇਲਾਜ ਵੀ ਸੁਚਾਰੂ ਢੰਗ ਨਾਲ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਨਈ ਸੋਚ' ਸੰਸਥਾ ਵਲੋਂ ਰਿਕਵਰੀ ਵੈਨ ਦਾ ਕੀਤਾ ਗਿਆ ਉਪਰਾਲਾ ਆਪਣੇ-ਆਪ ਵਿੱਚ ਇਕ ਅਹਿਮ ਉਪਲਬੱਧੀ ਹੈ। ਉਨ੍ਹਾਂ ਕਿਹਾ ਕਿ ਅਵਾਰਾ ਤੇ ਜ਼ਖਮੀ ਪਸ਼ੂਆਂ ਨੂੰ ਨਿਰਧਾਰਤ ਜਗ੍ਹਾ 'ਤੇ ਪਹੁੰਚਾਉਣ ਲਈ ਇਹ ਇਕ ਸਪੈਸ਼ਲ ਵੈਨ ਤਿਆਰ ਕੀਤੀ ਗਈ ਹੈ, ਜਿਸ ਵਿੱਚ ਪਸ਼ੂਆਂ ਨੂੰ ਆਸਾਨੀ ਨਾਲ ਚੜ੍ਹਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਬਾਕੀ ਐਨ.ਜੀ.ਓਜ਼ ਵੀ ਇਸ ਨਿਵੇਕਲੀ ਪਹਿਲ ਕਦਮੀ ਤੋਂ ਪ੍ਰੇਰਣਾ ਲੈਂਦੇ ਹੋਏ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਅੱਗੇ ਆਉਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਪਸ਼ੂ ਅਵਾਰਾ ਨਹੀਂ ਛੱਡਣੇ ਚਾਹੀਦੇ, ਕਿਉਂਕਿ ਇਸ ਨਾਲ ਜਿਥੇ ਪਸ਼ੂਆਂ ਨਾਲ ਹਾਦਸੇ ਵਾਪਰਦੇ ਹਨ, ਉਥੇ ਅਵਾਰਾ ਪਸ਼ੂਆਂ ਨਾਲ ਮਨੁੱਖੀ ਜਾਨਾਂ ਵੀ ਜਾਂਦੀਆਂ ਹਨ।
ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਸੰਸਥਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਗੈਂਦ, ਡਿਪਟੀ ਡਾਇਰੈਕਟਰ ਡਾ ਹਰਮੇਸ਼ ਕੁਮਾਰ, ਨੋਡਲ ਅਫ਼ਸਰ ਕੈਟਲ ਪੌਂਡ ਫਲਾਹੀ ਡਾ.ਮਨਮੋਹਨ ਸਿੰਘ ਦਰਦੀ, ਇੰਸਪੈਕਟਰ ਸ੍ਰੀ ਸੰਜੀਵ ਅਰੋੜਾ, ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
No comments:
Post a Comment