- ਕੇਂਦਰ ਵਲੋਂ ਦਵਾਈਆਂ ਦੀ ਉਪਲੱਬਧਤਾ ਅਸਾਨ ਕਰਨ ਦਾ ਭਰੋਸਾ
- ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਪਤਨੀ ਦੀ ਮੌਤ ਮਗਰੋਂ ਉਠਾਇਆ ਗਿਆ ਸੀ ਮਾਮਲਾ
ਹੁਸ਼ਿਆਰਪੁਰ, 30 ਮਈ: ਕੇਂਦਰ ਸਰਕਾਰ ਨੇ ਬਿਮਾਰ ਕੈਂਸਰ ਮਰੀਜ਼ਾਂ ਲਈ ਕੁੱਝ ਨਾਰਕੋਟਿਕ ਦਵਾਈਆਂ ਅਤੇ ਓਪੀਓਡਜ਼ ਦੀ ਅਸਾਨ ਉਪਲੱਬਧਤਾ ਪ੍ਰਦਾਨ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।
ਇਹ ਭਰੋਸਾ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਲਿਖੇ ਇੱਕ ਪੱਤਰ ਰਾਹੀਂ ਦਿੱਤਾ ਹੈ, ਜਿਨ੍ਹਾਂ ਨੇ ਕੈਂਸਰ ਦੀ ਬਿਮਾਰੀ ਕਾਰਨ ਆਪਣੀ ਪਤਨੀ ਨੂੰ ਗੁਆ ਲਿਆ ਸੀ।
ਇਸ ਪੱਤਰ ਰਾਹੀਂ ਸਾਰੇ ਅੜਿੱਕਿਆਂ ਨੂੰ ਦੂਰ ਕਰਨ ਅਤੇ ਦਵਾਈਆਂ ਜਿਵੇਂ ਕਿ ਮਾਰਫੀਮ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਅਸਾਨ ਉਪਲੱਬਧਤਾ ਦਾ ਭਰੋਸਾ ਦਿੱਤਾ ਗਿਆ ਹੈ ਜੋ ਕੈਂਸਰ ਦੀ ਘਾਤਕ ਬਿਮਾਰੀ ਤੇ ਨਸ਼ਾ ਛਡਾਊ ਇਲਾਜ਼ ਦੌਰਾਨ ਵਰਤੋਂ ਵਿੱਚ ਆਉਂਦੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ 30 ਮਾਰਚ, 2018 ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਲਿਖੇ ਇੱਕ ਪੱਤਰ ਰਾਹੀਂ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਇਸ ਸਬੰਧ ਵਿੱਚ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਵਿਭਾਗ ਦਾ ਇੱਕ ਪੱਤਰ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ।
ਮਾਲ ਵਿਭਾਗ ਦੇ ਜੁਆਇੰਟ ਸਕੱਤਰ ਸ੍ਰੀ ਰਿਤਵਿਕ ਪਾਂਡੇ, ਆਈ.ਏ.ਐੱਸ., ਨੇ ਸ੍ਰੀ ਅਰੋੜਾ ਨੂੰ ਲਿਖਤੀ ਪੱਤਰ ਜਾਰੀ ਕਰਕੇ ਦੱਸਿਆ ਕਿ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਿਜ਼ ਐਕਟ 1985 ਦੇ ਤਹਿਤ ਸੋਧਾਂ 2014 ਵਿੱਚ ਲਾਗੂ ਕੀਤੀਆਂ ਗਈਆਂ ਸਨ। ਇਨ੍ਹਾਂ ਸੋਧਾਂ ਤਹਿਤ, ਕੇਂਦਰ ਸਰਕਾਰ ਵੱਲੋਂ ਕੁੱਝ ਨਸ਼ੀਲੇ ਪਦਾਰਥਾਂ ਨੂੰ ''ਜਰੂਰੀ ਨਾਰਕੋਟਿਕ ਡਰੱਗਜ'' ਕਰਾਰ ਦਿੱਤਾ ਗਿਆ ਸੀ। ਨਾਰਕੋਟਿਕ ਦਵਾਈਆਂ ਕੋਡੀਨ, ਡੀਓਡਕੋਰੋਡੀਨੋਨ (ਜਿਸਨੂੰ ਆਮ ਤੌਰ 'ਤੇ ਹਾਇਡਕੋਡੋਨ ਵੀ ਕਿਹਾ ਜਾਂਦਾ ਹੈ), ਡਾਈਹਾਈਡ੍ਰੋਕਸਸੀ ਕੋਡੇਨੋਨ, ਫੈਂਟਾਨਿਲ, ਮੈਥੈਡੋਨ ਅਤੇ ਮਾਰਫਿਨ ਸਨ। ਸ੍ਰੀ ਰਿਤਵਿਕ ਪਾਂਡੇ ਨੇ ਦੱਸਿਆ ਕਿ ਡਾਕਟਰੀ ਇਲਾਜ ਲਈ ਨਾਰਕੋਟਿਕ ਜ਼ਰੂਰੀ ਦਵਾਈਆਂ ਦੀ ਸੌਖੀ ਉਪਲੱਬਧਤਾ ਬਣਾਈ ਰੱਖਣ ਅਤੇ ਇਨ੍ਹਾਂਂ ਦਵਾਈਆਂ ਦੀ ਦੁਰਵਰਤੋਂ ਨਾ ਕੀਤੇ ਜਾਣ ਲਈ ਯਤਨ ਕੀਤੇ ਜਾ ਰਹੇ ਹਨ। ਸ੍ਰੀ ਰਿਤਵਿਕ ਪਾਂਡੇ ਨੇ ਸਮੁੱਚੇ ਤੌਰ 'ਤੇ ਭਾਰਤ ਵਿੱਚ ਕੈਂਸਰ ਰਾਹਤ ਦੇ ਕਾਰਜਾਂ ਲਈ ਓਪੀਓਡ ਦੀ ਉੱਪਲਬਧਤਾ ਵਿੱਚ ਸੁਧਾਰ ਆਉਣ ਦਾ ਦਾਅਵਾ ਵੀ ਕੀਤਾ।
ਸ੍ਰੀ ਅਰੋੜਾ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖੇ ਆਪਣੇ ਪੱਤਰ 'ਚ ਦਾਅਵਾ ਕੀਤਾ ਸੀ ਕਿ ਮਾਹਿਰਾਂ ਅਨੁਸਾਰ ਸਿਰਫ 2% ਕੈਂਸਰ ਦੇ ਮਰੀਜਾਂ ਨੂੰ ਅਖੀਰਲੇ ਪੜਾਅ ਦੌਰਾਨ ਓਪੀਓਡ ਦੀ ਲੋੜ ਹੁੰਦੀ ਹੈ।
30 ਮਾਰਚ, 2018 ਨੂੰ ਲਿਖੇ ਪੱਤਰ 'ਚ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਪ੍ਰਧਾਨ ਮੰਤਰੀ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਸੀ ਕਿ ਆਖਰੀ ਪੜਾਅ 'ਤੇ ਕੈਂਸਰ ਦੇ ਮਰੀਜਾਂ ਲਈ ਓਪੀਓਡਸ ਦੀ ਉਪਲੱਬਧਤਾ ਨਾ ਹੋਣ ਕਾਰਨ ਭਾਰੀ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਸ੍ਰੀ ਅਰੋੜਾ ਦਾ ਇਹ ਪੱਤਰ ਪ੍ਰਧਾਨ ਮੰਤਰੀ ਦੇ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਦੇ ਸੰਯੁਕਤ ਸਕੱਤਰ ਸ੍ਰੀ ਬਰਜਿੰਦਰ ਨਵਨੀਤ ਵੱਲੋਂ ਸਵੀਕਾਰ ਕੀਤਾ ਗਿਆ ਸੀ।
ਸ੍ਰੀ ਸੁੰਦਰ ਸਾਮ ਅਰੋੜਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੁੜ ਬੇਨਤੀ ਕੀਤੀ ਹੈ ਕਿ ਉਹ ਨਾਰਕੋਟਿਕ ਡਰੱਗਜ ਦੇ ਵੇਚਣ ਤੇ ਖਰੀਦਣ ਦੇ ਅਧਿਕਾਰ, ਖਪਤ, ਵਰਤੋਂ ਆਦਿ ਸਬੰਧੀ ਐਕਟ ਵਿੱਚ ਲੋੜੀਂਦੇ ਸੁਧਾਰ ਕਰਨ ਤਾਂ ਜੋ ਆਖਰੀ ਪੜਾਅ ਦੇ ਕੈਂਸਰ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ।
ਵਰਣਨਯੋਗ ਹੈ ਕਿ ਸ੍ਰੀ ਅਰੋੜਾ ਨੂੰ ਓਪੀਓਡਜ਼ ਤੇ ਹੋਰਨਾਂ ਸਬੰਧਤ ਦਵਾਈਆਂ ਦੀ ਉੱਪਲਬਧਤਾ ਨਾ ਹੋਣ ਕਾਰਨ ਆਪਣੀ ਸਵਰਗ ਸਿਧਾਰ ਚੁੱਕੀ ਕੈਂਸਰ ਪੀੜਤ ਪਤਨੀ ਸਿੰਪਲ ਅਰੋੜਾ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸ੍ਰੀ ਅਰੋੜਾ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ, ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਦਫਤਰ ਲੈ ਕੇ ਗਏ ਕਿਉਂਕਿ ਇਹ ਮੁੱਦਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ।
No comments:
Post a Comment