- ਕਿਹਾ, ਕਣਕ ਖਰੀਦਣ ਲਈ ਨਿੱਜੀ ਮਿੱਲਾਂ ਨਾਲ ਵੀ ਕੀਤਾ ਜਾ ਰਿਹਾ ਹੈ ਸੰਪਰਕ
- ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 1 ਮਈ:
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮੰਡੀਆਂ ਵਿੱਚ ਲਿਫਟਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੁਝ ਨਿੱਜੀ ਮਿੱਲਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਕਣਕ ਦੀ ਖਰੀਦ ਕਰਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਹ ਅੱਜ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਦਾਣਾ ਮੰਡੀ ਵਿਖੇ ਕਿਹਾ ਕਿ ਇਸ ਮੰਡੀ ਵਿੱਚ ਪਿਛਲੇ ਸਾਲ ਅੱਜ ਦੇ ਦਿਨ ਤੱਕ 21 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ, ਜਦਕਿ ਇਸ ਸਾਲ ਹੁਣ ਤੱਕ 24 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 3 ਹਜ਼ਾਰ ਮੀਟ੍ਰਿਕ ਟਨ ਵਾਧੂ ਹੈ। ਇਸ ਨੂੰ ਦੇਖਦੇ ਹੋਏ ਇਸ ਮੰਡੀ ਵਿੱਚੋਂ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਪ੍ਰਾਈਵੇਟ ਆਟਾ ਮਿੱਲਾਂ ਨੂੰ ਵੀ ਕਣਕ ਦੀ ਖਰੀਦ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਹੱਲ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰ ਰੋਜ਼ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3 ਤੋਂ 4 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ ਹੈ ਅਤੇ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਮੰਡੀਆਂ ਵਿੱਚੋਂ ਚੁੱਕਿਆ ਜਾਵੇਗਾ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਬੀਤੀ ਸ਼ਾਮ ਤੱਕ 2,59,095 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦਕਿ 2,59,733 ਮੀਟਰਕ ਟਨ ਕਣਕ ਦੀ ਮੰਡੀਆਂ ਵਿਚ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 50,970 ਮੀਟਰਕ ਟਨ, ਮਾਰਕਫੈਡ ਵਲੋਂ 55,958 ਮੀਟਰਕ ਟਨ, ਪਨਸਪ ਵਲੋਂ 42,030 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 28,428 ਮੀਟਰਕ ਟਨ, ਪੰਜਾਬ ਐਗਰੋ ਵਲੋਂ 21430 ਮੀਟਰਕ ਟਨ, ਐਫ.ਸੀ.ਆਈ ਵਲੋਂ 58,525 ਮੀਟਰਕ ਟਨ, ਜਦਕਿ ਵਪਾਰੀਆਂ ਵਲੋਂ ਪ੍ਰਾਈਵੇਟ ਤੌਰ 'ਤੇ 1754 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਖਰੀਦੀ ਗਈ ਕਣਕ ਦੀ 332.84 ਕਰੋੜ ਰੁਪਏ ਦੀ ਅਦਾਇਗੀ ਵੀ ਆੜ੍ਹਤੀਆਂ ਨੂੰ ਹੋ ਗਈ ਹੈ।
ਇਸ ਮੌਕੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਸ੍ਰੀਮਤੀ ਰਜਨੀਸ਼ ਕੌਰ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਭਗਤ ਸਿੰਘ, ਸ੍ਰੀ ਅਨੀਸ਼ ਕੁਮਾਰ, ਪ੍ਰਧਾਨ ਆੜ੍ਹਤੀ ਆਸੋਸੀਏਸ਼ਨ ਸ੍ਰੀ ਸੁਧੀਰ ਸੂਦ, ਸਕੱਤਰ ਸ੍ਰੀ ਵਿਕਰਮਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
No comments:
Post a Comment