- ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਦੀ ਕੀਤੀ ਹਦਾਇਤ
- ਜੂਨ ਤੋਂ ਸਤੰਬਰ ਤੱਕ ਕਿਸੇ ਵੀ ਅਧਿਕਾਰੀ ਦਾ ਮੋਬਾਇਲ ਬੰਦ ਨਾ ਹੋਵੇ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 19 ਮਈ:
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਮੀਟਿੰਗ ਦੌਰਾਨ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਇਕਜੁੱਟਤਾ ਅਤੇ ਤਾਲਮੇਲ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਸੌਂਪੀ ਗਈ ਡਿਊਟੀ ਨੂੰ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ, ਤਾਂ ਜੋ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਮੁਸ਼ਕਲ ਨਾ ਆ ਸਕੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਜੂਨ ਤੋਂ ਸਤੰਬਰ ਤੱਕ ਕਿਸੇ ਵੀ ਅਧਿਕਾਰੀ ਦਾ ਮੋਬਾਇਲ ਫੋਨ ਬੰਦ ਨਹੀਂ ਹੋਣਾ ਚਾਹੀਦਾ, ਬਲਕਿ 24 ਘੰਟੇ ਲਈ ਚਾਲੂ ਰਹਿਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਸੂਹਾ ਸਬ-ਡਵੀਜ਼ਨ
ਸ੍ਰੀ ਵਿਪੁਲ ਉਜਵਲ ਨੇ ਐਸ.ਡੀ.ਐਮਜ਼ ਅਤੇ ਡਰੇਨੇਜ਼ ਵਿਭਾਗ ਨੂੰ ਕਿਹਾ ਕਿ ਉਹ ਆਪੋ-ਆਪਣੇ ਅਧੀਨ ਪੈਂਦੇ ਪ੍ਰਭਾਵਿਤ ਪਿੰਡਾਂ ਦੀ ਚੋਣ ਕਰਨ ਦੇ ਨਾਲ-ਨਾਲ ਦਰਿਆਵਾਂ/ਧੁੱਸੀ ਬੰਨ੍ਹ ਦੇ ਕੰਢਿਆਂ ਨੂੰ ਦਰੁੱਸਤ ਕਰਵਾਉਣ ਤੋਂ ਇਲਾਵਾ ਰਿਪੇਅਰ ਯੋਗ ਥਾਵਾਂ ਨੂੰ ਜਲਦੀ ਰਿਪੇਅਰ ਕਰਵਾਉਣ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ 'ਤੇ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਜਾਣੇ ਹਨ, ਜਿਸ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਦੌਰਾਨ ਜਿਥੇ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ, ਉਥੇ ਦਵਾਈਆਂ ਦਾ ਵੀ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਵਿਭਾਗ ਨੂੰ ਕਿਸ਼ਤੀਆਂ, ਲਾਈਫ਼ ਜੈਕਟਾਂ ਅਤੇ ਹੜ੍ਹਾਂ ਦੀ ਸਥਿਤੀ ਸਬੰਧੀ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਅਗੇਤੇ ਤੌਰ 'ਤੇ ਜਾਂਚ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਹੜ੍ਹਾਂ ਵਰਗੇ ਹਾਲਾਤ ਦੌਰਾਨ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਵੀ ਉਚਿਤ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਐਸ.ਡੀ.ਐਮਜ਼ ਨੂੰ ਸਮਾਜ ਸੇਵੀ ਅਤੇ ਸਮਾਜਿਕ ਸੰਸਥਾਵਾਂ ਦੀ ਚੋਣ ਕਰਨ ਤੋਂ ਇਲਾਵਾ ਪਿੰਡਾਂ ਵਿੱਚ ਉਦਮੀ ਵਿਅਕਤੀਆਂ ਦੀ ਸ਼ਨਾਖਤ ਕਰਨ ਲਈ ਕਿਹਾ, ਤਾਂ ਜੋ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਇਨ੍ਹਾਂ ਤੋਂ ਸਹਿਯੋਗ ਲਿਆ ਜਾ ਸਕੇ।
ਇਸ ਮੌਕੇ ਏ.ਡੀ.ਸੀ. ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਸ੍ਰੀ ਜਿਤੇਂਦਰ ਜੋਰਵਾਲ, ਸ੍ਰੀ ਹਿਮਾਂਸ਼ੂ ਅਗਰਵਾਲ, ਸ੍ਰੀ ਹਰਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਹਰਚਰਨ ਸਿੰਘ ਤੋਂ ਇਲਾਵਾ ਐਸ.ਪੀ. (ਐਚ) ਸ੍ਰੀ ਬਲਬੀਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਰਣਦੀਪ ਸਿੰਘ ਹੀਰ, ਡੀ.ਆਰ.ਓ. ਸ੍ਰੀ ਅਮਨ ਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਬੀ.ਡੀ.ਪੀ.ਓਜ਼, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।
No comments:
Post a Comment