- ਜ਼ਿਲ੍ਹਾ ਨਿਵਾਸੀਆਂ ਨੂੰ ਬਨਸਪਤੀ ਥੈਲਿਆਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, 30 ਮਈ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਵਾਤਾਵਰਣ ਹਿਤੈਸ਼ੀ ਬਨਸਪਤੀ ਲਿਫਾਫਿਆਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਪੋਸਟ ਬੈਗ ਜਾਰੀ ਕੀਤੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਾਰੋਬਾਰੀਆਂ ਅਤੇ ਪ੍ਰਦੂਸ਼ਣ ਰੋਕਥਾਮ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਕੋਫਰੈਂਡਲੀ ਬਨਸਪਤੀ ਬੈਗਾਂ ਦੀ ਵਿਧੀਪੂਰਵਕ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫ਼ੇ ਨਾ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਨਵੇਂ ਬਨਸਪਤੀ ਥੈਲੇ ਵਾਤਾਵਰਣ ਮੁਤਾਬਕ ਹਨ, ਜੋ ਕਿ ਮੌਜੂਦਾ ਪਲਾਸਟਿਕ ਦੇ ਲਿਫਾਫਿਆਂ ਤੋਂ ਵਾਤਾਵਰਣ 'ਤੇ ਪੈ ਰਹੇ ਮਾਰੂ ਅਸਰ ਨੂੰ ਰੋਕਣ ਲਈ ਬਾਜ਼ਾਰ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸਿਰਫ਼ 5 ਕੰਪਨੀਆਂ ਅਜਿਹੇ ਬਨਸਪਤੀ ਥੈਲੇ ਤਿਆਰ ਕਰ ਰਹੀਆਂ ਹਨ। ਇਹ ਥੈਲਾ ਮੱਕਾ, ਆਲੂ ਅਤੇ ਗੰਨੇ ਦੇ ਬਚੇ ਹੋਏ ਛਿਲਕਿਆਂ ਤੋਂ ਤਿਆਰ ਹੁੰਦਾ ਹੈ ਅਤੇ ਇਸ ਦਾ ਮਨੁੱਖੀ ਸਿਹਤ 'ਤੇ ਕੋਈ ਨੁਕਸਾਨ ਨਹੀਂ ਪੈਂਦਾ। ਉਨ੍ਹਾ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸ਼ੁਰੂ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ। ਅਜੋਕੇ ਸਮੇਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਕੇ ਬਨਸਪਤੀ ਥੈਲਿਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ।
ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਟਾਰਚ ਤੋਂ ਬਣੇ ਲਿਫਾਫ਼ੇ ਲਗਭਗ 6 ਮਹੀਨੇ ਦੇ ਅੰਦਰ ਹੀ ਮਿੱਟੀ ਅਤੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਗਲ ਜਾਂਦੇ ਹਨ ਅਤੇ ਇਸ ਦਾ ਵਾਤਾਵਰਣ 'ਤੇ ਕੋਈ ਅਸਰ ਨਹੀਂ ਪੈਂਦਾ। ਇਸ ਮੌਕੇ 'ਤੇ ਐਸ.ਡੀ.ਐਮ. ਮੁਕੇਰੀਆਂ ਸ੍ਰੀ ਹਰਚਰਨ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ ਤੋਂ ਇਲਾਵਾ ਬੋਰਡ ਵੀ ਸਟਾਫ਼ ਮੈਂਬਰ ਵੀ ਮੌਜੂਦ ਸਨ।
No comments:
Post a Comment