- ਸਰਕਾਰ ਵਲੋਂ ਖੋਲ੍ਹੇ ਜਾ ਰਹੇ ਨਸ਼ਾ ਛੁਡਾਊ ਕਲੀਨਕ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਲਾਹੇਵੰਦ : ਡਿਪਟੀ ਕਮਿਸ਼ਨਰ
- ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ 250 ਤੋਂ ਵੱਧ ਨੌਜਵਾਨਾਂ ਨੇ ਕੀਤੀ ਨਸ਼ੇ ਤੋਂ ਤੌਬਾ
ਹੁਸ਼ਿਆਰਪੁਰ, 17 ਮਈ:
ਪੰਜਾਬ ਸਰਕਾਰ ਵਲੋਂ ਜਿਥੇ ਡੈਪੋ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਹੁਣ ਓ.ਓ.ਏ.ਟੀ. ਕਲੀਨਕ ਖੋਲ੍ਹ ਕੇ ਨਸ਼ੇ 'ਚ ਜਕੜੇ ਵਿਅਕਤੀਆਂ ਦਾ ਨਸ਼ਾ ਛੁਡਾਉਣ ਦੀ ਪਹਿਲ ਕਦਮੀ ਕੀਤੀ ਗਈ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਖੋਲ੍ਹੇ ਗਏ ਓ. ਓ. ਏ. ਟੀ. ਕਲੀਨਕ ਦਾ ਉਦਘਾਟਨ ਕਰਦਿਆਂ ਕਿਹਾ ਕਿ 'ਦਾ ਆਊਟ ਪੇਸ਼ੈਂਟ ਓਪਿਆਇਡ ਐਸਿਸਟਡ ਟਰੀਟਮੈਂਟ' (ਓ. ਓ. ਏ. ਟੀ.) ਕਲੀਨਕ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਲੀਨਕ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਖੋਲ੍ਹੇ ਗਏ ਹਨ, ਜਦਕਿ ਮੁਹੱਲਾ ਫਤਹਿਗੜ੍ਹ ਵਿਖੇ ਖੋਲ੍ਹੇ ਗਏ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿੱਚ ਪਹਿਲਾਂ ਹੀ 250 ਤੋਂ ਵੱਧ ਨੌਜਵਾਨਾਂ ਨੇ ਨਸ਼ਾ ਛੱਡ ਕੇ ਨਸ਼ੇ ਤੋਂ ਤੌਬਾ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਘਿਰਣਾ ਵਾਲਾ ਰਵੱਈਆ ਨਾ ਅਪਣਾਇਆ ਜਾਵੇ ਅਤੇ ਸਰਕਾਰ ਵਲੋਂ ਖੋਲ੍ਹੇ ਨਸ਼ਾ ਮੁਕਤੀ, ਮੁੜ ਵਸੇਬਾ ਕੇਂਦਰ ਅਤੇ ਓ. ਓ. ਏ. ਟੀ. ਕਲੀਨਿਕਾਂ ਵਿੱਚ ਇਲਾਜ ਕਰਵਾ ਕੇ ਨੌਜਵਾਨਾਂ ਨੂੰ ਮੁੜ ਪੈਰਾਂ 'ਤੇ ਖੜ੍ਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਹੱਲਾ ਫਤਹਿਗੜ੍ਹ ਵਿੱਚ ਪਹਿਲਾਂ ਤੋਂ ਚੱਲ ਰਿਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਨਸ਼ਾ ਛੱਡਣ ਵਾਲੇ ਵਿਅਕਤੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਥੇ ਇਲਾਜ ਕਰਵਾ ਚੁੱਕੇ ਹੁਣ ਤੱਕ 250 ਦੇ ਕਰੀਬ ਵਿਅਕਤੀਆਂ ਨੇ ਨਸ਼ੇ ਤੋਂ ਤੌਬਾ ਕਰ ਲਈ ਹੈ ਅਤੇ ਉਹ ਆਮ ਜ਼ਿੰਦਗੀ ਬਸਰ ਕਰ ਰਹੇ ਹਨ। 50 ਬਿਸਤਰਿਆਂ ਵਾਲੇ ਇਸ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿੱਚ ਨਸ਼ਾ ਛੁਡਾਊ ਦਵਾਈ ਤੋਂ ਇਲਾਵਾ ਵੱਖ-ਵੱਖ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਥੇ ਭਰਤੀ ਹੋਣ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਵੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ, ਜਿਥੇ ਰੋਜ਼ਾਨਾ ਕਰੀਬ 50 ਨਵੇਂ-ਪੁਰਾਣੇ ਮਰੀਜ਼ਾਂ ਦੀ ਓ.ਪੀ.ਡੀ ਕੀਤੀ ਜਾਂਦੀ ਹੈ ਅਤੇ ਦਵਾਈ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਡਰੱਗ-ਡੀ-ਅਡਿਕਸ਼ਨ ਸੋਸਾਇਟੀ ਵਲੋਂ ਮਰੀਜ਼ਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਸਿਵਲ ਸਰਜਨ ਡਾ. ਰੇਨੂ ਸੂਦ ਨੇ ਕਿਹਾ ਕਿ ਇਨ੍ਹਾਂ ਕਲੀਨਕਾਂ ਵਿੱਚ ਪੋਸਤ ਤੋਂ ਬਣਨ ਵਾਲੇ ਸਾਰੇ ਨਸ਼ੇ ਅਫੀਮ, ਭੂਕੀ, ਹੈਰੋਇਨ, ਟਰਾਮਾਡੋਲ ਗੋਲੀਆਂ, ਪ੍ਰੋਕਸੀਵਨ ਕੈਪਸੂਲ, ਨੋਰਫਿਨ ਅਤੇ ਪੈਟਾਜੋਸਿਨ ਦੇ ਟੀਕੇ ਲੈਣ ਵਾਲੇ ਨੌਜਵਾਨਾਂ ਦਾ ਨਸ਼ਾ ਛੱਡਣ ਲਈ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਟੈਸਟਾਂ ਤੋਂ ਬਾਅਦ ਮਰੀਜ਼ ਨੂੰ ਜੀਭ ਥੱਲੇ ਰੱਖਣ ਵਾਲੀ ਬਿਪਰੋਨੋਰਫਿਨ ਗੋਲੀ ਡਾਕਟਰ ਦੀ ਦੇਖਰੇਖ ਵਿੱਚ ਖੁਆਈ ਜਾਵੇਗੀ, ਤਾਂ ਜੋ ਮਰੀਜ਼ ਦਾ ਨਸ਼ਾ ਛੁਡਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਸਮੇਂ-ਸਮੇਂ 'ਤੇ ਮਰੀਜ਼ ਦੀ ਕੌਂਸਲਿੰਗ ਕੀਤੀ ਜਾਵੇਗੀ ਅਤੇ ਜੇਕਰ ਮਰੀਜ਼ ਨੂੰ ਹੋਰ ਇਲਾਜ ਦੀ ਜਰੂਰਤ ਹੋਵੇਗੀ, ਤਾਂ ਕੌਂਸਲਿੰਗ ਕਰਕੇ ਹਰ ਤਰੀਕੇ ਨਾਲ ਮਰੀਜ਼ ਦਾ ਨਸ਼ਾ ਛੁਡਾਇਆ ਜਾਵੇਗਾ। ਇਸ ਮੌਕੇ 'ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਸਿੰਘ ਗੋਜਰਾ, ਮਨੋਰੋਗ ਮਾਹਿਰ ਡਾ. ਰਾਜ ਕੁਮਾਰ, ਮੈਡੀਕਲ ਅਫ਼ਸਰ ਡਾ. ਗੁਰਵਿੰਦਰ ਸਿੰਘ, ਪ੍ਰਬੰਧਕ ਨੀਸ਼ਾ ਰਾਣੀ, ਕੌਂਸਲਰ ਸੰਦੀਪ ਕੁਮਾਰੀ, ਡਾ. ਸੁਰਭੀ ਠਾਕਰ, ਵਿਕਰਮਜੀਤ ਸਿੰਘ, ਪ੍ਰਸ਼ਾਂਤ ਆਦੀਆ, ਸਰਿਤਾ, ਰੰਜੀਵ ਕੁਮਾਰੀ, ਜਸਵੀਰ ਸਿੰਘ, ਰਜਨੀ ਰਚਨਾ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।
No comments:
Post a Comment