- ਐਸ.ਡੀ. ਕਾਲਜ ਨੇ ਵੀ ਦਿੱਤੀ 11 ਹਜ਼ਾਰ 705 ਰੁਪਏ ਦੀ ਸਹਾਇਤਾ
- ਹੁਣ ਤੱਕ ਕਰੀਬ 16 ਹਜ਼ਾਰ ਦਾਨੀ ਸੱਜਣ ਬਣ ਚੁੱਕੇ ਨੇ 'ਸਮਰਪਣ' ਦੇ ਮੈਂਬਰ
ਹੁਸ਼ਿਆਰਪੁਰ, 4 ਮਈ:
ਪਿੰਡ ਬਾੜੀਆਂ ਖੁਰਦ ਦੇ ਐਨ.ਆਰ.ਆਈ. ਸ੍ਰੀ ਅਰਜਿੰਦਰ ਸਿੰਘ ਕੁਲਾਰ ਅਤੇ ਐਨ.ਆਰ.ਆਈ. ਸ੍ਰੀ ਭੁਪਿੰਦਰ ਸਿੰਘ ਗਿੱਲ ਵਲੋਂ 'ਸਮਰਪਣ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਹ ਰਕਮ ਸ੍ਰੀ ਗਿੱਲ ਦੀ ਮਾਤਾ ਸ੍ਰੀਮਤੀ ਜਸਬੀਰ ਕੌਰ ਗਿੱਲ ਵਲੋਂ ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ ਨੂੰ ਸੌਂਪੀ ਗਈ। ਇਸ ਮੌਕੇ ਉਕਤ ਐਨ.ਆਰ.ਆਈਜ਼ ਨੇ 'ਸਮਰਪਣ' ਦੇ ਮੈਂਬਰ ਬਣਨ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਐਨ.ਆਰ.ਆਈ. ਸ੍ਰੀ ਦਲਜੀਤ ਸਿੰਘ ਸਹੋਤਾ ਨੇ ਹੁਸ਼ਿਆਰਪੁਰ ਵਿਖੇ ਚੱਲ ਰਹੇ ਇਸ ਪ੍ਰੋਜੈਕਟ ਬਾਰੇ ਦੱਸਿਆ, ਤਾਂ ਉਹ ਬੜੇ ਪ੍ਰਭਾਵਿਤ ਹੋਏ।
ਉਧਰ ਦੂਜੇ ਪਾਸੇ ਐਸ.ਡੀ. ਕਾਲਜ ਵਲੋਂ 11 ਹਜ਼ਾਰ 705 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਹ ਯੋਗਦਾਨ ਪਾਉਣ ਵਾਲਿਆਂ ਵਿੱਚ ਐਸ.ਡੀ. ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਹੇਮਾ ਸ਼ਰਮਾ, ਪ੍ਰਿੰਸੀਪਲ ਸ੍ਰੀ ਨੰਦ ਕਿਸ਼ੋਰ ਤੋਂ ਇਲਾਵਾ, ਸਹਾਇਕ ਪ੍ਰੋਫੈਸਰ ਮੇਘਾ, ਪ੍ਰੋ: ਮੋਨਿਕਾ, ਪ੍ਰੋ: ਵਿਪਨ ਅਤੇ ਪ੍ਰੋ: ਪਲਵਿੰਦਰ ਕੌਰ ਸ਼ਾਮਲ ਹਨ। ਉਕਤ ਨਵੀਂ ਐਸ.ਡੀ. ਕਾਲਜ ਮੈਨੇਜਿੰਗ ਕਮੇਟੀ ਵਲੋਂ 'ਸਮਰਪਣ' ਲਈ ਦਾਨ ਕੀਤੀ ਇਹ ਰਾਸ਼ੀ ਸਮਾਜ ਸੇਵੀ ਸ੍ਰੀ ਆਯੂਸ਼ ਸ਼ਰਮਾ ਨੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੂੰ ਸੌਂਪੀ ਅਤੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਅਤੇ ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ-ਸੱਜਣਾਂ ਦੇ ਸਹਿਯੋਗ ਨਾਲ 'ਸਮਰਪਣ' ਰਾਹੀਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੀਬ 16 ਹਜ਼ਾਰ ਤੋਂ ਵੱਧ ਦਾਨੀ-ਸੱਜਣ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ ਅਤੇ ਇਹ ਪ੍ਰੋਜੈਕਟ ਇਕ ਜਨ ਮੁਹਿੰਮ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮੈਂਬਰ ਬਣਾਏ ਜਾ ਰਹੇ ਹਨ ਅਤੇ ਦਾਨੀ-ਸੱਜਣਾਂ ਦੇ ਸਹਿਯੋਗ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ 'ਸਮਰਪਣ' ਤਹਿਤ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾ ਯੋਗਦਾਨ ਪਾ ਸਕਦੇ ਹਨ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ 'ਸਮਰਪਣ' ਪ੍ਰੋਜੈਕਟ ਲਈ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕਰਕੇ ਸਿੱਖਿਆ ਦਾ ਪੱਧਰ ਹੋਰ ਮਜ਼ਬੂਤ ਕੀਤਾ ਜਾ ਸਕੇ।
No comments:
Post a Comment