- ਕਿਹਾ, ਦੋ ਕੰਪਨੀਆਂ ਦੇ 186 ਜਵਾਨਾਂ ਨੂੰ ਰਾਜ ਦੀਆਂ 6 ਜੇਲ੍ਹਾਂ 'ਚ ਕੀਤਾ ਜਾਵੇਗਾ ਤਾਇਨਾਤ
- ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੀਆਂ ਕੋਆਪਰੇਟਿਵ ਸੁਸਾਇਟੀਆਂ 'ਚ ਬਹੁ-ਕਰੋੜੀ ਘੁਟਾਲਿਆਂ ਦੀ ਕਰਵਾਈ ਜਾਵੇਗੀ ਜਾਂਚ : ਰੰਧਾਵਾ
ਮੁਕੇਰੀਆਂ/ਹੁਸ਼ਿਆਰਪੁਰ, 4 ਮਈ:
ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਜ ਦੀਆਂ ਜੇਲ੍ਹਾਂ ਵਿੱਚ ਨਸ਼ਾ ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਸਖਤੀ ਨਾਲ ਨਜਿੱਠਿਆ ਜਾਵੇਗਾ। ਉਹ ਅੱਜ ਮੁਕੇਰੀਆਂ ਵਿਖੇ ਪਹੁੰਚੇ ਹੋਏ ਸਨ, ਜਿਥੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਐਮ.ਪੀ. ਗੁਰਦਾਸਪੁਰ ਸ੍ਰੀ ਸੁਨੀਲ ਕੁਮਾਰ ਜਾਖੜ, ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ, ਹਲਕਾ ਵਿਧਾਇਕ ਗੁਰਦਾਸਪੁਰ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਅਤੇ ਐਸ.ਡੀ.ਐਮ. ਮੁਕੇਰੀਆਂ ਸ੍ਰੀ ਹਰਚਰਨ ਸਿੰਘ ਵੀ ਮੌਜੂਦ ਸਨ।
ਹਲਕਾ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਦੀ ਅਗਵਾਈ ਵਿੱਚ ਕਰਵਾਏ ਗਏ ਸਵਾਗਤੀ ਸਮਾਗਮ ਵਿੱਚ ਕੈਬਨਿਟ ਮੰਤਰੀ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਦੇ ਸਵਰਗਵਾਸੀ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਕੇਵਲ ਕ੍ਰਿਸ਼ਨ ਨੇ ਕਈ ਸਾਲ ਇਸ ਖੇਤਰ ਦੀ ਨੁਮਾਇੰਦਗੀ ਕੀਤੀ ਹੈ ਅਤੇ ਭਾਰੀ ਸੰਖਿਆ ਵਿੱਚ ਲੋਕਾਂ ਨੇ ਪਹੁੰਚ ਕੇ ਇਹ ਸਾਬਤ ਕੀਤਾ ਹੈ ਕਿ ਉਹ ਇਸ ਪਰਿਵਾਰ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਹੋਏ ਹਨ।
ਇਸ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰ: ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਸੁਰੱਖਿਆ ਅਤੇ ਸੁਧਾਰ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ (ਸੀ.ਆਈ.ਐਸ.ਐਫ਼.) ਵਲੋਂ ਸੁਰੱਖਿਆ ਦੇ ਮੱਦੇਨਜ਼ਰ ਦੋ ਕੰਪਨੀਆਂ ਦੇ 186 ਜਵਾਨਾਂ ਨੂੰ ਰਾਜ ਦੀਆਂ 6 ਜੇਲ੍ਹਾਂ ਵਿੱਚ ਬਣਾਏ ਸਕਿਉਰਟੀ ਜ਼ੋਨਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕਰਨ ਲਈ ਜੇਲ੍ਹ ਸੁਪਰਡੈਟਾਂ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸੇ ਕੜੀ ਦੇ ਮੱਦੇਨਜ਼ਰ ਬੀਤੇ ਦਿਨੀਂ ਗੁਰਦਾਸਪੁਰ ਜੇਲ੍ਹ ਅੰਦਰ ਅਣਗਹਿਲੀ ਕਾਰਨ 9 ਮੋਬਾਇਲ ਮਿਲਣ 'ਤੇ ਸੁਪਰਡਂੈਟ ਅਤੇ ਡਿਪਟੀ ਸੁਪਰਡੈਂਟ ਨੂੰ ਮੁਅੱਤਲ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਦੌਰ ਦੌਰਾਨ ਵੀ ਅੱਤਵਾਦੀਆਂ ਦਾ ਸਖਤੀ ਨਾਲ ਮੁਕਾਬਲਾ ਕੀਤਾ ਸੀ ਅਤੇ ਹੁਣ ਵੀ ਗੈਂਗਸਟਰਾਂ ਖਿਲਾਫ਼ ਸਖਤੀ ਨਾਲ ਨਜਿੱਠ ਕੇ ਰਾਜ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇਗਾ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਖਾਸ ਤੇ ਹਰਦੋਖੁੰਦਪੁਰ ਸੁਸਾਇਟੀ ਵਿਖੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਕਤ ਸੁਸਾਇਟੀ ਨਾਲ ਸਬੰਧਤ ਦੋਸ਼ੀਆਂ ਖਿਲਾਫ਼ ਮਿਥੇ ਸਮੇਂ ਦੌਰਾਨ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 3590 ਕੋਆਪਰੇਟਿਵ ਸੁਸਾਇਟੀਆਂ ਹਨ, ਜਿਨ੍ਹਾਂ ਵਿੱਚੋਂ 1900 ਦੇ ਕਰੀਬ ਸੁਸਾਇਟੀਆਂ ਲਾਭ ਵਿੱਚ ਹਨ ਅਤੇ ਬਾਕੀ ਘਾਟੇ ਵਿੱਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਘਾਟੇ ਵਿੱਚ ਚੱਲ ਰਹੀਆਂ ਸੁਸਾਇਟੀਆਂ ਦੀ ਜਾਂਚ ਕੀਤੀ ਜਾਵੇਗੀ, ਉਥੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਹੋਏ ਬਹੁ-ਕਰੋੜੀ ਘੁਟਾਲਿਆਂ ਦੀ ਸੂਬਾ ਸਰਕਾਰ ਵਲੋਂ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸੁਸਾਇਟੀਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਘੁਟਾਲੇ ਦਾ ਕੇਸ ਸਾਹਮਣੇ ਆਵੇਗਾ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਐਮ.ਪੀ. ਗੁਰਦਾਸਪੁਰ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਰਾਜ ਨੂੰ ਬੇਹੱਦ ਪਿੱਛੇ ਧਕੇਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਪੈਰਾਂ ਸਿਰ ਕਰਨ ਲਈ ਅਜੇ ਕੁਝ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਰਾਜ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਲੋਕਾਂ ਦੁਆਰਾ ਚੁਣੀ ਗਈ ਕਾਂਗਰਸ ਸਰਕਾਰ ਲੋਕਾਂ ਲਈ ਕੰਮ ਕਰੇਗੀ ਅਤੇ ਰਾਜ ਦੀ ਮਜਬੂਤੀ ਅਤੇ ਬੇਹਤਰੀ ਲਈ ਸਭ ਧਿਰਾਂ ਨੂੰ ਨਾਲ ਲੈ ਕੇ ਅੱਗੇ ਵਧੇਗੀ। ਹਲਕਾ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਕੇਰੀਆਂ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਯੋਗ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੋਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੂੰ ਵਧਾਈਆਂ ਦੇਣ ਲਈ ਭਾਰੀ ਸੰਖਿਆ ਵਿੱਚ ਹਲਕਾ ਨਿਵਾਸੀ ਪਹੁੰਚੇ ਹੋਏ ਸਨ।
No comments:
Post a Comment