- ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਆਉਣ ਵਾਲਾ ਸਮਾਂ ਉਦਯੋਗਿਕ ਖੇਤਰ ਲਈ ਸੁਨਹਿਰਾ : ਉਦਯੋਗ ਮੰਤਰੀ
- ਕਿਹਾ, ਨੌਜਵਾਨਾਂ ਲਈ ਵੱਡੇ ਪੱਧਰ 'ਤੇ ਪੈਦਾ ਹੋਣਗੇ ਰੁਜ਼ਗਾਰ ਦੇ ਮੌਕੇ
- ਹੁਸ਼ਿਆਰਪੁਰ ਦੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ 11 ਬੈਚ ਕੰਪਲੀਟ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 22 ਮਈ :
ਸੂਬੇ ਵਿਚ ਚੱਲ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਉਦਯੋਗਿਕ ਖੇਤਰ ਲਈ ਨਿਪੁੰਨਤਾ ਪ੍ਰਾਪਤ ਕਾਮਿਆਂ ਦੀ ਨਰਸਰੀ ਸਾਬਿਤ ਹੋ ਰਹੇ ਹਨ। ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸ ਕਰਕੇ ਆਪਣੇ ਪੈਰਾਂ-ਸਿਰ ਖੜ੍ਹਾ ਹੋਣ ਦਾ ਮੌਕਾ ਮਿਲ ਰਿਹਾ ਹੈ, ਉਥੇ ਉਦਯੋਗਾਂ ਨੂੰ ਵੀ ਸਿਖਲਾਈ ਪ੍ਰਾਪਤ ਹੁਨਰਮੰਦ ਨੌਜਵਾਨ ਮਿਲ ਰਹੇ ਹਨ। ਸਰਕਾਰ ਦਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਉਦਯੋਗਿਕ ਖੇਤਰ ਲਈ ਇਕ ਪੁਲ ਦਾ ਕੰਮ ਕਰ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਪੇਂਡੂ ਅਤੇ ਸ਼ਹਿਰੀ ਲੋੜਵੰਦ ਨੌਜਵਾਨਾਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਣ।
ਉਦਯੋਗ ਤੇ ਵਣਜ ਮੰਤਰੀ ਪੰਜਾਬ ਅਤੇ ਸਥਾਨਕ ਵਿਧਾਇਕ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਦਯੋਗਾਂ ਲਈ ਨਿਪੁੰਨ ਕਾਮਿਆਂ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਸਿਖਲਾਈ ਦੇ ਕੇ ਨਿਪੁੰਨ ਬਣਾਉਣ ਵਿਚ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਮੇਤ ਸੂਬੇ ਦੇ 5 ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਖੇ 5 ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਗਈ ਨਵੀਂ ਉਦਯੋਗਿਕ ਪਾਲਿਸੀ-2017 ਸਦਕਾ ਆਉਣ ਵਾਲਾ ਸਮਾਂ ਉਦਯੋਗਿਕ ਖੇਤਰ ਲਈ ਕਾਫੀ ਸੁਨਹਿਰਾ ਹੋਵੇਗਾ। ਉਨ੍ਹਾਂ ਕਿਹਾ ਕਿ ਉਦਯੋਗ ਦੇ ਪ੍ਰਫੁਲਿਤ ਹੋਣ ਨਾਲ ਰੁਜ਼ਗਾਰ ਦੇ ਮੌਕੇ ਵੱਧਣਗੇ, ਜਿਸ ਸਦਕਾ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ 23 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੈਟਰੋ ਕੈਮੀਕਲ ਪਲਾਂਟ, ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪਲਾਸਟਿਕ ਉਦਯੋਗ ਤੋਂ ਇਲਾਵਾ ਕਰੀਬ 700 ਉਦਯੋਗਤੀਆਂ ਵਲੋਂ ਕਰੀਬ 1336 ਕਰੋੜ ਰੁਪਏ ਦੇ ਐਮ.ਓ.ਯੂ ਸਾਈਨ ਕੀਤੇ ਗਏ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉਦਯੋਗਪਤੀ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਨੂੰ ਤਰਜ਼ੀਹ ਦੇ ਰਹੇ ਹਨ।
ਸ਼੍ਰੀ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਵੱਡੇ ਪੱਧਰ 'ਤੇ ਉਦਯੋਗ ਸਥਾਪਿਤ ਹੋਣ ਨਾਲ ਨਿਪੁੰਨ ਕਾਮਿਆਂ ਦੀ ਲੋੜ ਪਵੇਗੀ ਅਤੇ ਇਸ ਲੋੜ ਨੂੰ ਪੂਰਾ ਕਰਨ ਵਿਚ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਨਿਪੁੰਨ ਕਾਮਿਆਂ ਨੂੰ ਬੇਹਤਰ ਪੁਜ਼ੀਸ਼ਨਾਂ ਦੇ ਨਾਲ-ਨਾਲ ਬੇਹਤਰ ਤਨਖਾਹ ਵੀ ਪ੍ਰਾਪਤ ਹੋਵੇਗੀ, ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਅਤੇ ਰੂਰਲ ਸੈਂਟਰਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਦੋ ਸਕੀਮਾਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀ.ਡੀ.ਯੂ.ਜੀ.ਕੇ.ਵਾਈ.) ਤਹਿਤ ਪੇਂਡੂ ਸਿਖਿਆਰਥੀਆਂ, ਜਦਕਿ ਨੈਸ਼ਨਲ ਅਰਬਨ ਲਿਵਲੀਹੁੱਡ ਮਿਸ਼ਨ ਸਕੀਮ (ਐਨ.ਯੂ.ਐਲ.ਐਮ) ਤਹਿਤ ਸ਼ਹਿਰੀ ਨੌਜਵਾਨਾਂ ਨੂੰ ਕਿੱਤਾਮੁੱਖੀ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰਸਾਂ ਵਿਚ ਮੁਫ਼ਤ ਕੰਪਿਊਟਰ ਅਤੇ ਟੈਬਲਟ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਤਾਂ ਜੋ ਵੱਖ-ਵੱਖ ਐਪਸ ਦੀ ਜਾਣਕਾਰੀ ਦੇਕੇ ਨੌਜਵਾਨਾਂ ਨੂੰ ਆਧੁਨਿਕ ਕੰਪਿਊਟਰ ਦੇ ਖੇਤਰ ਨਾਲ ਜੋੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਦਸੰਬਰ 2016 ਤੋਂ ਸ਼ੁਰੂ ਹੋਏ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਚ 11 ਬੈਚ ਕੰਪਲੀਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਸੀ.ਐਨ.ਸੀ. ਓਪਰੇਟਰ (ਕੰਪਿਊਟਰ ਨਮੈਰੀਕਲ ਕੰਟਰੋਲ), ਪੀ.ਵੀ ਸੋਲਰ ਪੈਨਲ ਇਨਸਟਾਲਰ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਆਈ.ਟੀ. ਹੈਲਪਡੈਸਕ ਅਟੈਡੈਂਟ ਅਤੇ ਡਾਟਾ ਐਂਟਰੀ ਓਪਰੇਟਰ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਜ਼ਿਲ੍ਹੇ ਵਿਚ ਚੱਲ ਰਹੇ 6 ਹੋਰ ਰੂਰਲ ਸਕਿੱਲ ਸੈਂਟਰਾਂ ਰਾਹੀਂ ਕਰੀਬ 150 ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਨਿਪੁੰਨ ਬਣਾ ਕੇ ਪਲੇਸਮੈਂਟ ਵੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਵਲੋਂ ਸਿਖਲਾਈ ਉਪਰੰਤ ਕੋਈ ਕੰਪਨੀ ਜਾਂ ਉਦਯੋਗ ਜੁਆਇਨ ਕਰਨ 'ਤੇ ਪਹਿਲੇ 3 ਮਹੀਨੇ ਲਈ ਸਰਕਾਰ ਵਲੋਂ 1000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਰਾਸ਼ੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦੇ ਸ਼ੁਰੂਆਤੀ ਦੌਰ ਸਮੇਂ ਸਬੰਧਤ ਹੁਨਰਮੰਦ ਨੌਜਵਾਨ ਦੀ ਮਦਦ ਕੀਤੀ ਜਾ ਸਕੇ। ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸੇ ਵੀ ਕਿੱਤੇ ਲਈ ਪਹਿਲਾਂ ਹੈਲਪਰ ਵਜੋਂ ਕੰਮ ਕਰਕੇ ਨੌਜਵਾਨ ਸਿਖਲਾਈ ਪ੍ਰਾਪਤ ਕਰਦੇ ਹਨ, ਪਰ ਹੁਣ ਸਰਕਾਰ ਦੀ ਪਹਿਲਕਦਮੀ ਸਦਕਾ ਨੌਜਵਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਨਿਪੁੰਨ ਬਣਾਇਆ ਜਾ ਰਿਹਾ ਹੈ ਅਤੇ ਇਸ ਨਾਲ ਉਦਯੋਗਾਂ ਨੂੰ ਲੋੜ ਮੁਤਾਬਕ ਵਧੀਆ ਨਿਪੁੰਨਤਾ ਪ੍ਰਾਪਤ ਕਾਮੇ ਵੀ ਮਿਲ ਰਹੇ ਹਨ।
No comments:
Post a Comment