- ਸਮਾਰਟ ਕਲਾਸਾਂ ਨਾਲ ਜ਼ਿਲ੍ਹੇ ਦੇ 101 ਸਰਕਾਰੀ ਪ੍ਰਾਇਮਰੀ ਸਕੂਲ ਬਣਨਗੇ ਸਮਾਰਟ
- ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪ੍ਰਾਇਮਰੀ ਸਕੂਲਾਂ 'ਚ ਸਮਾਰਟ ਕਲਾਸਾਂ ਸਥਾਪਿਤ ਕਰਨ ਦਾ ਚੁੱਕਿਆ ਬੀੜਾ
- ਮੁੱਢਲੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਚ ਨਹੀਂ ਛੱਡੀ ਜਾਵੇਗੀ ਕੋਈ ਕਸਰ : ਅਰੋੜਾ
- ਪਹਿਲੀ ਸਰਕਾਰੀ ਗ੍ਰਾਂਟ ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ
ਹੁਸ਼ਿਆਰਪੁਰ, 14 ਮਈ ( ) : ਦੇਸ਼ ਭਰ ਵਿਚ ਚੱਲ ਰਹੇ ਸਰਕਾਰੀ ਸਕੂਲਜ਼ ਸਿੱਖਿਆ ਸੁਧਾਰਾਂ ਦੀ ਦਿਸ਼ਾ ਵਿਚ ਇਕ ਨਿਵੇਕਲੀ ਪਹਿਲ ਕਰਦਿਆਂ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ 101 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸਮਾਰਟ ਕਲਾਸਾਂ ਸਥਾਪਿਤ ਕਰਨ ਦਾ ਬੀੜਾ ਚੁੱਕਿਆ ਹੈ। ਸ੍ਰੀ ਅਰੋੜਾ ਨੇ ਇਹ ਐਲਾਨ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਕਿਹਾ ਕਿ ਪ੍ਰਾਇਵੇਟ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿਚ ਵੀ ਬੇਹਤਰ ਸਹੂਲਤਾਂ ਦੇਣ ਅਤੇ ਬੱਚਿਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਸਮਾਰਟ ਕਲਾਸਾਂ ਸਥਾਪਿਤ ਕਰਵਾਈਆਂ ਜਾਣਗੀਆਂ, ਤਾਂ ਜੋ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਲਈ ਇਕ ਉਸਾਰੂ ਮਾਹੌਲ ਸਿਰਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਢਲੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬੁੱਧੀਜੀਵੀ ਵਰਗ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਆਪਣੀ ਪਹਿਲੀ ਸਰਕਾਰੀ ਗ੍ਰਾਂਟ ਸਕੂਲ ਸਿੱਖਿਆ ਦੇ ਸੁਧਾਰ ਲਈ ਲਗਾਉਣਗੇ, ਤਾਂ ਜੋ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੂੰ ਡਿਜ਼ੀਟਲ ਪ੍ਰਣਾਲੀ ਰਾਹੀਂ ਸਿੱਖਿਅਤ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ, ਵਿਸ਼ੇਸ਼ ਕਰਕੇ ਪਹਿਲੀ ਕਲਾਸ ਵਿਚ ਇਸ ਅੰਤਰਾਲ ਦੌਰਾਨ 24 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੇ ਸਕੂਲ ਆਮ ਬੱਚਿਆਂ ਨੂੰ ਆਕਰਸ਼ਿਤ ਕਰਨ ਵਿਚ ਪੂਰਨ ਤੌਰ 'ਤੇ ਯੋਗ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਵਿਚ ਸੂਚਨਾ ਕ੍ਰਾਂਤੀ ਦਾ ਦੌਰ ਹੈ ਅਤੇ ਇਸ ਦੌਰ ਵਿੱਚ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਸਾਥੀ ਬਣਾਉਣ ਲਈ ਸਮਾਰਟ ਕਲਾਸਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ।
ਸ਼੍ਰੀ ਅਰੋੜਾ ਨੇ ਕਿਹਾ ਕਿ ਪਹਿਲੇ ਪੜਾਅ ਲਈ ਵਿਧਾਨ ਸਭਾ ਹਲਕਾ ਹੁਸ਼ਿਆਰਪੁਰਰ ਦੇ 69 ਅਤੇ ਬਾਕੀ 6 ਹਲਕਿਆਂ ਵਿਚ ਪ੍ਰਤੀ ਹਲਕਾ 5-5 ਸਮਾਰਟ ਕਲਾਸਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਮਾਰਟ ਕਲਾਸਾਂ ਤਹਿਤ ਹਰ ਸਕੂਲ ਨੂੰ ਮਿੰਨੀ ਲੈਪਟਾਪ, ਐਲ.ਸੀ.ਡੀ. ਪ੍ਰੋਜੈਕਟਰ, ਸਪੀਕਰ, ਮੈਮਰੀ ਕਾਰਡ ਦੇ ਨਾਲ-ਨਾਲ ਪ੍ਰੀ-ਪ੍ਰਾਇਮਰੀ ਤੋਂ ਲੈਕੇ 5ਵੀਂ ਕਲਾਸ ਤੱਕ ਦਾ ਪੀ.ਐਸ.ਈ.ਬੀ ਦੁਆਰਾ ਪ੍ਰਸਤਾਵਿਤ ਸਿਲੇਬਸ ਡਿਜ਼ੀਟਲ ਮਾਧਿਅਮ ਨਾਲ ਪੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਜਿੱਥੇ ਅਧਿਆਪਨ ਦੇ ਖੇਤਰ ਵਿਚ ਸਹਾਇਕ ਸਿੱਧ ਹੋਵੇਗਾ, ਉਥੇ ਵਿਦਿਆਰਥੀਆਂ ਲਈ ਰੁਚੀਦਾਇਕ ਅਤੇ ਗਿਆਨ ਭਰਪੂਰ ਸਾਬਿਤ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ਼੍ਰੀ ਸੰਜੀਵ ਕੁਮਾਰ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਧੀਰਜ ਵਸ਼ਿਸ਼ਟ, ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਕਾਲਜ ਸ਼੍ਰੀ ਦੇਸ਼ਵੀਰ ਸ਼ਰਮਾ, ਪ੍ਰੋ. ਜੇ.ਐਸ ਵਡਿਆਲ ਅਤੇ ਸਟੇਟ ਐਵਾਰਡੀ ਅਧਿਆਪਕ ਸ਼੍ਰੀ ਦੀਪਕ ਵਸ਼ਿਸ਼ਟ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੱਤਰਕਾਰ ਸਹਿਬਾਨ ਹਾਜ਼ਰ ਸਨ।
ਸੂਬੇ ਵਿੱਚ ਉਦਯੋਗਿਕ ਖੇਤਰ ਨੂੰ ਪ੍ਰਫੁਲਿਤ ਕਰਨ ਲਈ ਨਹੀਂ ਛੱਡੀ ਜਾਵੇਗੀ ਕੋਈ ਕਸਰ : ਕੈਬਨਿਟ ਮੰਤਰੀ
ਹੁਸ਼ਿਆਰਪੁਰ: ਪ੍ਰੈਸ ਕਾਨਫਰੰਸ ਦੌਰਾਨ ਸੂਬੇ ਵਿਚ ਉਦਯੋਗ ਨੂੰ ਪ੍ਰਫੁਲਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਬਠਿੰਡਾ ਵਿਚ ਕਰੀਬ 23 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੈਟਰੋ ਕੈਮੀਕਲ ਪਲਾਂਟ ਲਗਾਇਆ ਜਾ ਰਿਹਾ ਹੈ, ਜਦਕਿ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪਲਾਸਟਿਕ ਉਦਯੋਗ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਦੋ ਯੂਨਿਟ ਕੰਢੀ ਖੇਤਰ ਵਿਚ ਵੀ ਜਲਦ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਵੀ ਉਦਯੋਗਿਕ ਨੀਤੀ-2017 ਤਹਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨਾਲ ਉਦਯੋਗਪਤੀਆਂ ਨੂੰ ਸੂਬੇ ਵਿੱਚ ਉਦਯੋਗ ਸਥਾਪਿਤ ਕਰਨ ਲਈ ਇਕ ਵਧੀਆ ਮਾਹੌਲ ਦਿੱਤਾ ਜਾ ਰਿਹਾ ਹੈ।
ਸ਼੍ਰੀ ਅਰੋੜਾ ਨੇ ਕਿਹਾ ਕਿ ਕਰੀਬ 700 ਉਦਯੋਗਪਤੀਆਂ ਨਾਲ ਉਦਯੋਗਾਂ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਵਿਚਾਰ-ਵਟਾਂਦਰਾ ਕੀਤਾ ਜਾ ਚੁੱਕਾ ਹੈ, ਜਿਸ ਦੌਰਾਨ 1336 ਕਰੋੜ ਰੁਪਏ ਦੇ ਐਮ.ਓ.ਯੂ. ਸਾਈਨ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਵੀ ਉਦਯੋਗਿਕ ਯੂਨਿਟ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ, ਜਿਸ ਨਾਲ ਜ਼ਿਲ੍ਹੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਉਦਯੋਗਾਂ ਸਦਕਾ ਜਿਥੇ ਪੰਜਾਬ ਸੂਬਾ ਤਰੱਕੀ ਤੇ ਖੁਸ਼ਹਾਲੀ ਵੱਲ ਵਧੇਗਾ, ਉਥੇ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਪਾਰ ਦੇ ਖੇਤਰ ਵਿਚ ਹੀ ਨਹੀਂ, ਸਿੱਖਿਆ ਸਮੇਤ ਹਰ ਪਾਸਿਓਂ ਜ਼ਿਲ੍ਹੇ ਅਤੇ ਸੂਬੇ ਵਿਚ ਇਕ ਸਾਲ ਦੇ ਅੰਦਰ ਇਕ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਥਾਪਿਤ ਕੀਤੇ ਗਏ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।
No comments:
Post a Comment